ਚੰਡੀਗੜ੍ਹ 02 ਜਨਵਰੀ 2023: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪੰਜਾਬ ਪੱਧਰੀ ਮੀਟਿੰਗ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਸਾਂਝਾ ਮੋਰਚਾ ਜ਼ੀਰਾ ਵੱਲੋ ਸ਼ੁੱਧ ਪਾਣੀ, ਸ਼ੁੱਧ ਹਵਾ, ਸ਼ੁੱਧ ਮਿੱਟੀ ਦੀ ਮੰਗ ਅਤੇ ਜ਼ਿੰਦਗੀ ਜਿਊਣ ਦਾ ਹੱਕ ਲੈਣ ਲਈ ਲੜੇ ਜਾ ਰਹੇ ਸੰਘਰਸ਼ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸ਼ੁਰੂ ਤੋਂ ਹੀ ਹਮਾਇਤ ਕਰਦੀ ਆ ਰਹੀ ਹੈ |
ਜ਼ੀਰਾ ਵਿਖੇ ਲੱਗਿਆ ਹੋਇਆ ਮੋਰਚਾ ਓਥੋਂ ਦੇ ਲੋਕਲ ਲੋਕਾਂ ਦੀ ਅਗਵਾਈ ਵਿੱਚ ਬਣੇ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਹੀ ਲੜਿਆ ਜਾਵੇਗਾ ਅਤੇ ਉਹਨਾਂ ਦੀ ਜੱਥੇਬੰਦੀ ਸਾਂਝਾ ਮੋਰਚਾ ਜ਼ੀਰਾ ਵੱਲੋਂ ਦਿੱਤੇ ਹਰ ਪ੍ਰੋਗਰਾਮ ਨੂੰ ਲਾਗੂ ਕਰਦੀ ਆਈ ਹੈ ਅਤੇ ਅੱਗੇ ਲਈ ਵੀ ਉਹਨਾਂ ਵੱਲੋ ਦਿੱਤੇ ਪ੍ਰੋਗਰਾਮ ਨੂੰ ਹੀ ਲਾਗੂ ਕਰੇਗੀ।
ਜਿਸ ਦੇ ਤਹਿਤ ਹੀ ਸਾਂਝਾ ਮੋਰਚਾ ਜ਼ੀਰਾ ਵੱਲੋ ਦਿੱਤੇ ਪ੍ਰੋਗਰਾਮ ਅਨੁਸਾਰ 3 ਅਤੇ 4 ਜਨਵਰੀ ਨੂੰ ਪੰਜਾਬ ਸਰਕਾਰ ਵੱਲੋ ਜ਼ੀਰਾ ਵਿਖੇ ਕਾਰਪੋਰੇਟ ਘਰਾਣਿਆਂ ਨਾਲ ਨਿਭਾਈ ਜਾ ਰਹੀ ਯਾਰੀ ਦੇ ਰੋਸ ਵੱਜੋਂ ਪੰਜਾਬ ਸਰਕਾਰ ਦੇ ਸੂਬੇ ਭਰ ਵਿੱਚ ਪੁਤਲੇ ਸਾੜੇ ਜਾਣਗੇ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਸਾਂਝਾ ਮੋਰਚਾ ਜ਼ੀਰਾ ਨਾਲ ਮੀਟਿੰਗ ਵਿੱਚ ਪ੍ਰਸ਼ਾਸਨ ਕਹਿੰਦਾ ਜਾਚ ਪੂਰੀ ਹੋਣ ਤੱਕ ਫੈਕਟਰੀ ਬੰਦ ਰਹੇਗੀ ਅਤੇ ਦੂਜੇ ਪਾਸੇ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਫੈਕਟਰੀ ਵਿੱਚੋ ਮੁਲਾਜ਼ਮ ਬਾਹਰ ਨਿਕਲਦੇ ਹਨ ਅਤੇ ਜਦੋਂ ਸਰਕਾਰ ਅਤੇ ਪ੍ਰਸ਼ਾਸਨ ਆਪਣੀ ਕਹੀ ਗੱਲ ਤੇ ਨਾਂ ਖੜ ਕੇ ਕਾਰਪੋਰੇਟ ਘਰਾਣੇ ਨਾਲ ਯਾਰੀ ਨਿਭਾਏ ਕਿ ਫੇਰ ਤੁਸੀ ਪਾਰਦਰਸ਼ੀ ਜਾਂਚ ਤੇ ਇਨਸਾਫ ਦੀ ਉਮੀਦ ਪ੍ਰਸ਼ਾਸਨ ਤੋਂ ਕਰ ਸਕਦੇ ਹੋ?
ਜਿਸ ਦੀਆ ਮੂੰਹੋ ਬੋਲਦੀਆ ਤਸਵੀਰਾ ਨਿੱਤ ਆ ਰਹੀਆਂ ਵੀਡੀਓ ਅਤੇ ਸਰਕਾਰੀ ਕਮੇਟੀ ਵੱਲੋਂ ਕਾਰਪੋਰੇਟ ਪੱਖੀ ਰਿਪੋਰਟਾਂ ਤਿਆਰ ਕਰਨ ਲਈ ਚੱਲੀਆਂ ਜਾ ਰਹੀਆਂ ਗੁੱਝੀਆਂ ਸਾਜਿਸ਼ਾਂ ਤੋਂ ਮਿਲ ਰਹੀਆਂ ਹਨ ਅਤੇ ਜਿਵੇ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਂਦਾ ਹੈ ਕਿ ਬਿੱਲੀ ਨੇ ਮੈਨੂੰ ਵੇਖਿਆ ਹੀ ਨਹੀਂ ਸਰਕਾਰ ਵੀ ਜ਼ੀਰਾ ਵਿਖੇ ਕਾਰਪੋਰੇਟ ਘਰਾਣੇ ਨਾਲ ਯਾਰੀ ਨਿਭਾਉਣ ਲਈ ਸਬੂਤ ਵੇਖ ਕੇ ਵੀ ਅੱਖਾਂ ਬੰਦ ਕਰੀ ਬੈਠੀ ਹੈ।