ਮਾਨਸਾ, 19 ਅਗਸਤ 2023: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਪੰਜਾਬ ਭਰ ਦੇ ਵਿੱਚ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਹੜਾਂ ਦੇ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਅਤੇ ਗਰੀਬ ਲੋਕਾਂ ਦੇ ਡਿੱਗੇ ਘਰਾਂ ਦੇ ਮੁਆਵਜ਼ੇ ਨੂੰ ਲੈ ਕੇ ਅੱਜ ਮਾਨਸਾ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਆਪ’ ਵਿਧਾਇਕ ਡਾਕਟਰ ਵਿਜੈ ਸਿੰਗਲਾ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਦੇ ਨਾਲ ਪਾਰਟੀਆਂ ਵੱਲੋਂ ਵਾਅਦੇ ਕੀਤੇ ਗਏ ਸਨ ਅਤੇ ਇਨ੍ਹਾਂ ਵਾਦਿਆਂ ਨੂੰ ਯਾਦ ਕਰਵਾਉਣ ਦੇ ਲਈ ਕਿਸਾਨਾਂ (farmers) ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਵਿਧਾਇਕਾਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਹੈ।
ਉਹਨਾਂ (farmers) ਦੱਸਿਆ ਕਿ ਮਾਨਸਾ ਦੇ ਵਿੱਚ ਡਾਕਟਰ ਵਿਜੈ ਸਿੰਗਲਾ, ਸਰਦੂਲਗੜ ਵਿੱਚ ਗੁਰਪ੍ਰੀਤ ਬਣਾਵਾਲੀ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦੇ ਘਰ ਦਾ ਘਿਰਾਓ ਕੀਤਾ ਗਿਆ ਹੈ | ਉਨ੍ਹਾਂ ਕਿਹਾ ਸ਼ਾਮ ਦੇ ਪੰਜ ਵਜੇ ਤੱਕ ਵਿਧਾਇਕਾਂ ਦੀ ਘਰਾਂ ਦਾ ਘਿਰਾਓ ਜਾਰੀ ਰਹੇਗਾ | ਉਹਨਾਂ ਕਿਹਾ ਕਿ ਅੱਜ ਵਿਧਾਇਕਾਂ ਨੂੰ ਚਿਤਾਵਨੀ ਪੱਤਰ ਵੀ ਦਿੱਤੇ ਜਾਣਗੇ | ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਭਰ ਦੇ ਵਿੱਚ ਕਿਸਾਨੀ ਮੰਗਾਂ ਦੇ ਨਾਲ-ਨਾਲ ਨਸ਼ਿਆਂ ਨੂੰ ਬੰਦ ਕਰਵਾਉਣ ਦੀ ਵੀ ਵੱਡੀ ਮੰਗ ਚੱਲ ਰਹੀ ਹੈ ਕਿਉਂਕਿ ਸਰਕਾਰਾਂ ਵੱਲੋਂ ਨਸ਼ਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਅੱਜ ਵੀ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ |
ਜਿਸਦੇ ਚੱਲਦੇ ਪੰਜਾਬ ਦੇ ਵਿੱਚ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ | ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜਲਦ ਹੀ ਖ਼ਰਾਬ ਫ਼ਸਲਾਂ ਅਤੇ ਡਿੱਗੇ ਘਰਾਂ ਦਾ ਮੁਆਵਜ਼ਾ ਜਾਰੀ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।