July 7, 2024 5:13 pm
toll plaza

ਟੋਲ ਪਲਾਜ਼ਾ ‘ਤੇ ਜ਼ਬਰਦਸਤੀ ਟੋਲ ਵਸੂਲੀ ਦੇ ਵਿਰੋਧ ‘ਚ ਕਿਸਾਨਾਂ ਨੇ ਦਿੱਤਾ ਧਰਨਾ

ਬਾਜਾਖਾਨਾ 27 ਅਗਸਤ 2022: ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਪਿੰਡ ਚੀਮਾ ਨੇੜੇ ਟੋਲ ਪਲਾਜ਼ਾ (toll plaza) ‘ਤੇ ਧਰਨਾ ਦਿੱਤਾ ਜਾ ਰਿਹਾ ਹੈ| ਇਸ ਧਰਨੇ ਦੌਰਾਨ ਕਿਸਾਨਾਂ ਨੇ ਟੋਲ ਪਰਚੀਆਂ ਹਟਾ ਦਿੱਤੀਆਂ ਹਨ | ਇਸਦੇ ਨਾਲ ਹੀ ਆਉਣ ਜਾਣ ਵਾਲੇ ਵਾਹਨਾਂ ਨੂੰ ਬਿਨਾਂ ਟੋਲ ਪਰਚੀਆਂ ਦੇ ਆਉਣ-ਜਾਣ ਦਿੱਤਾ ਜਾ ਰਿਹਾ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਬਰਨਾਲਾ-ਮੋਗਾ ਮੁੱਖ ਮਾਰਗ ‘ਤੇ ਹੀ ਟੋਲ ਪਲਾਜ਼ਾ ਲਗਾਉਣਾ ਚਾਹੀਦਾ ਸੀ ਪਰ ਬਰਨਾਲਾ ਤੋਂ ਮੋਗਾ ਅਤੇ ਬਾਜਾਖਾਨਾ ਨੂੰ ਜਾਂਦੀ ਸਾਂਝੀ ਸੜਕ ‘ਤੇ ਗਲਤ ਥਾਂ ‘ਤੇ ਟੋਲ ਲਗਾਇਆ ਗਿਆ ਹੈ | ਬਾਜਾਖਾਨਾ ਰੋਡ ਤੋਂ ਆਉਣ ਜਾਣ ਵਾਲੇ ਲੋਕਾਂ ਤੋਂ ਜ਼ਬਰਦਸਤੀ ਟੋਲ ਵਸੂਲਿਆ ਜਾ ਰਿਹਾ ਹੈ, ਜਦਕਿ ਇਸ ਸੜਕ ਦੀ ਹਾਲਤ ਖਸਤਾ ਹੈ।

ਕਿਸਾਨ ਜਥੇਬੰਦੀਆਂ ਨੇ ਪਹਿਲਾਂ ਵੀ ਬਾਜਾਖਾਨਾ ਰੋਡ ਦੇ ਪਿੰਡ ਵਾਸੀਆਂ ਲਈ ਸੰਘਰਸ਼ ਕਰਕੇ ਇਹ ਟੋਲ ਮੁਆਫ਼ ਕਰਵਾਇਆ ਸੀ ਪਰ ਹੁਣ ਇਸ ਸੜਕ ਦੇ ਲੋਕਾਂ ਤੋਂ ਜ਼ਬਰਦਸਤੀ ਟੋਲ ਵਸੂਲਿਆ ਜਾ ਰਿਹਾ ਹੈ। ਇਸ ਤਹਿਤ ਪਿੰਡ ਜਲਾਲ ਦੇ ਲੋਕਾਂ ਨੂੰ ਟੋਲ ਪਰਚੀ ਤੋਂ ਛੋਟ ਦਿੱਤੀ ਗਈ ਹੈ, ਜਦਕਿ ਨੇੜਲੇ ਪਿੰਡ ਦਿਆਲਪੁਰਾ ਦੇ ਲੋਕਾਂ ਤੋਂ ਵੀ ਟੋਲ ਪਰਚੀ ਵਸੂਲੀ ਜਾ ਰਹੀ ਹੈ, ਜਿਸ ਦੇ ਵਿਰੋਧ ਵਿੱਚ ਉਨ੍ਹਾਂ ਨੂੰ ਧਰਨਾ ਦੇਣਾ ਪਿਆ।

ਕਿਸਾਨਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਧਰਨੇ ਦਾ ਦੂਜਾ ਦਿਨ ਹੈ। ਜੇਕਰ ਟੋਲ ਪਲਾਜ਼ਾ (toll plaza) ਕੰਪਨੀ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਸੜਕ ਜਾਮ ਕਰਕੇ ਰੋਸ਼ ਪ੍ਰਦਰਸ਼ਨ ਵੀ ਕਰਨਗੇ।