July 8, 2024 7:45 pm
ਕਿਸਾਨ ਖੁਦਕੁਸ਼ੀਆਂ

ਖੇਤੀਬਾੜੀ ਮੰਤਰੀ ਤੋਮਰ ਵਲੋਂ ਪੰਜਾਬ ‘ਚ ਕਿਸਾਨ ਖੁਦਕੁਸ਼ੀਆਂ ਦੇ ਪੇਸ਼ ਕੀਤੇ ਅੰਕੜਿਆਂ ‘ਤੇ ਕਿਸਾਨਾਂ ਨੇ ਚੁੱਕੇ ਸਵਾਲ

ਪਟਿਆਲਾ 28 ਜੁਲਾਈ 2022: ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਸਬੰਧ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲੋਕ ਸਭਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਸੁਰੇਸ਼ ਨਾਰਾਇਣ ਧਨੋਰਕਰ ਦੇ ਸਵਾਲ ਦਾ ਜਵਾਬ ਦਿੰਦਿਆਂ ਸੰਸਦ ‘ਚ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਵੱਲੋਂ 2000 ਤੋਂ 2018 ਦਰਮਿਆਨ ਕਿਸਾਨ ਖੁਦਕੁਸ਼ੀਆਂ ਦੇ 1,805 ਮਾਮਲੇ ਦਰਜ ਕੀਤੇ ਗਏ।

ਜਿਕਰਯੋਗ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਸੁਰੇਸ਼ ਨਰਾਇਣ ਧਨੋਰਕਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੇ ਅਧਿਐਨ ਦੇ ਆਧਾਰ ‘ਤੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਸਦਨ ‘ਚ ਇਹ ਸਵਾਲ ਉਠਾਇਆ ਕਿ 2000 ਤੋਂ 2018 ਦਰਮਿਆਨ 9,291 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ। ਦੂਜੇ ਪਾਸੇ ਨਰਿੰਦਰ ਸਿੰਘ ਤੋਮਰ ਨੇ ਜਵਾਬ ਦਿੰਦਿਆਂ ਕਿਹਾ ਕਿ ਐਨਸੀਆਰਬੀ ਦੀ ਰਿਪੋਰਟ ਅਨੁਸਾਰ 2000-2018 ਦੌਰਾਨ ਪੰਜਾਬ ਵਿੱਚ 1,805 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। NCRB ਸਿਰਫ਼ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਬੰਧ ਵਿੱਚ ਲਿੰਗ-ਅਧਾਰਿਤ ਅੰਕੜੇ ਰੱਖਦਾ ਹੈ।

ਇਸਦੇ ਨਾਲ ਹੀ ਕਾਂਗਰਸੀ ਸੰਸਦ ਮੈਂਬਰ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਕਾਰਨਾਂ ਬਾਰੇ ਅਤੇ ਹੋਰ ਕਈ ਮੁੱਦਿਆਂ ‘ਤੇ ਸਵਾਲ ਚੁੱਕੇ । ਇਸ ਦੌਰਾਨ ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਕੀ ਕੁੱਲ ਮੌਤਾਂ ਵਿੱਚ ਸੀਮਾਂਤ ਅਤੇ ਛੋਟੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ। ਕੀ ਖੁਦਕੁਸ਼ੀਆਂ ਕਰਕੇ ਮਰਨ ਵਾਲੇ 75 ਫੀਸਦੀ ਕਿਸਾਨ 19-35 ਸਾਲ ਦੀ ਉਮਰ ਦੇ ਸਨ?

ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਕੋਕਰੀਕਲਾਂ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਸੂਬੇ ਵਿੱਚ ਕਿਸਾਨ ਵਰਗ ਦੀ ਮਾੜੀ ਹਾਲਤ ਨੂੰ ਦੂਰ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਮੰਤਰੀ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਵਿੱਚ ਹੇਰਾਫੇਰੀ ਕੀਤੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅੰਕੜਿਆਂ ਨੂੰ ਭਰੋਸੇਮੰਦ ਮੰਨਿਆ ਹੈ।

ਪੰਜਾਬ ਦੇ ਸੀਨੀਅਰ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਸਹੀ ਅੰਕੜੇ ਨਹੀਂ ਦਿੰਦੀ। ਦੇਸ਼ ਵਿੱਚ ਖੇਤੀ ਦੀ ਹਾਲਤ ਚੰਗੀ ਹੋਣ ਦਾ ਸਬੂਤ ਦੇਣ ਲਈ ਖੁਦਕੁਸ਼ੀਆਂ ਦੇ ਅੰਕੜੇ ਘੱਟ ਦੱਸੇ ਜਾ ਰਹੇ ਹਨ। ਇਹ ਗੇਮ ਇਸ ਲਈ ਖੇਡੀ ਜਾ ਰਹੀ ਹੈ ਤਾਂ ਜੋ ਕੇਂਦਰ ਨੂੰ ਖੇਤੀ ਦੇ ਹਾਲਾਤ ਸੁਧਾਰਨ ਲਈ ਕੋਈ ਕੰਮ ਨਾ ਕਰਨਾ ਪਵੇ।