Site icon TheUnmute.com

ਕਿਸਾਨਾਂ ਨੇ ਫ਼ਿਰੋਜ਼ਪੁਰ ‘ਚ ਅਣਮਿੱਥੇ ਸਮੇਂ ਲਈ ਡੀਸੀ ਦਫਤਰ ਦੇ ਬਾਹਰ ਖੋਲ੍ਹਿਆ ਮੋਰਚਾ

Ferozepur

ਫ਼ਿਰੋਜ਼ਪੁਰ 26 ਨਵੰਬਰ 2022: ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਪੰਜਾਬ ਦੇ 9 ਜ਼ਿਲ੍ਹਿਆਂ ਦੇ ਡੀਸੀ ਦਫਤਰਾਂ ਦੇ ਬਾਹਰ ਅਣਮਿੱਥੇ ਸਮੇਂ ਲਈ ਮੋਰਚੇ ਖੋਲ੍ਹ ਦਿੱਤੇ ਹਨ। ਇਸੇ ਤਰ੍ਹਾਂ ਅੱਜ ਫ਼ਿਰੋਜ਼ਪੁਰ (Ferozepur) ਵਿੱਚ ਵੀ ਕਿਸਾਨਾਂ ਨੇ ਡੀਸੀ ਦਫਤਰ ਦੇ ਬਾਹਰ ਧਰਨਾ ਲਗਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਜਿਸ ਦੇ ਵਿਰੋਧ ਵਿੱਚ ਅੱਜ ਡੀਸੀ ਦਫਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਮੋਰਚਾ ਖੋਲ੍ਹਿਆ ਗਿਆ ਹੈ।

ਕਿਸਾਨਾਂ ਨੇ ਦੱਸਿਆ ਕਿ ਸਰਕਾਰ 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ, ਬਿਜਲੀ ਵੰਡ ਰੂਲਜ 2022 ਦਾ ਨੋਟੀਫਿਕੇਸ਼ਨ ਰੱਦ ਕਰਨ, ਦਿੱਲੀ ਮੋਰਚੇ ਦੌਰਾਨ ਕਿਸਾਨਾਂ ਮਜ਼ਦੂਰਾਂ ਉਤੇ ਕੀਤੇ ਪਰਚੇ ਰੱਦ ਕਰਨ, ਕਿਸਾਨਾਂ ਮਜ਼ਦੂਰਾਂ ਦਾ ਕਰਜਾ ਖ਼ਤਮ ਕਰਨ, ਡਾ: ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, 17.5 (ਸਾਢੇ ਸਤਾਰਾਂ) ਏਕੜ ਹੱਦਬੰਦੀ ਕਨੂੰਨ ਲਾਗੂ ਕਰਕੇ ਸਰਪਲਸ ਜ਼ਮੀਨ ਬੇਜ਼ਮੀਨਿਆਂ ਤੇ ਥੁੜ ਜਮੀਨਿਆਂ ਵਿੱਚ ਵੰਡਣ, ਯੁਮਲਾ- ਮੁਸਤਰਕਾ ਖਾਤਿਆਂ ਦੀ ਜ਼ਮੀਨ ਕਿਸਾਨ ਦੇ ਨਾਮ ਪੱਕੀ ਕਰਨ, ਨਹਿਰੀ ਪਾਣੀ ਸਾਫ ਕਰਨ ਦੇ ਪ੍ਰਾਜੈਕਟ ਰੱਦ ਕਰਨ, ਧਰਤੀ ਹੇਠਲਾ ਤੇ ਧਰਤੀ ਉਪਰਲੇ ਪਾਣੀ ਨੂੰ ਪ੍ਰਦੂਸ਼ਿਤ ਰਹਿਤ ਕਰਨ, ਭਾਰਤ ਮਾਲਾ ਪ੍ਰੋਜੈਕਟ ਅਧੀਨ ਬਣਨ ਵਾਲੀਆਂ ਸ਼ੜਕਾਂ ਲਈ ਐਕਵਾਇਰ ਕੀਤੀਆਂ ਜਮੀਨਾਂ ਦਾ ਰੇਟ ਇਕਸਾਰ ਕਰਨ ਦੀ ਮੰਗ ਪੂਰੀ ਕੀਤੀ ਜਾਵੇ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ

Exit mobile version