ਅੰਮ੍ਰਿਤਸਰ 16 ਨਵੰਬਰ 2022: ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਕਿਸਾਨੀ ਨਾਲ ਸਬੰਧਤ ਮੰਗਾਂ ਨੂੰ ਮੰਨ ਲਿਆ ਜਾਂਦਾ ਹੈ ਪਰ ਸਰਕਾਰਾਂ ਵੱਲੋਂ ਇਹਨਾਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਦੇਰ ਕਰ ਦਿੱਤੀ ਜਾਂਦੀ ਹੈ | ਜਿਸਦੇ ਰੋਸ਼ ਵਜੋਂ ਕਿਸਾਨਾਂ ਵਿੱਚ ਰੋਸ ਦੀ ਲਹਿਰ ਦੇਖਣ ਨੂੰ ਮਿਲਦੀ ਹੈ |
ਇਸਦੇ ਚੱਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ | ਇਸ ਦੌਰਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ |
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਅਮ੍ਰਿਤਸਰ ਜੰਮੂ-ਕਟੜਾ ਨੈਸ਼ਨਲ ਹਾਈਵੇ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਕਿ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਆਉਂਦੀ ਹੈ ਅਤੇ ਉਨ੍ਹਾਂ ਜ਼ਮੀਨਾਂ ਨੂੰ ਖਰੀਦਣ ਲਈ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਵੀ ਦੇ ਰਹੀ ਹੈ, ਅੰਮ੍ਰਿਤਸਰ ਦੇ ਵਿੱਚ ਐਸਡੀਐਮ ਰਹੇ ਰਾਜੇਸ਼ ਸ਼ਰਮਾ ‘ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਹੜੱਪ ਲਈ ਹੈ | ਜਿਸ ਨੂੰ ਲੈ ਕੇ ਲੰਬੇ ਸਮੇਂ ਤੋਂ ਕਿਸਾਨ ਪ੍ਰਦਰਸ਼ਨ ਕਰਦੇ ਆ ਰਹੇ ਹਨ |
ਕਿਸਾਨ ਜਥੇਬੰਦੀਆਂ ਨੂੰ ਦੱਸਿਆ ਕਿ ਐਸਡੀਐਮ ਰਾਜੇਸ਼ ਸ਼ਰਮਾ ਦੇ ਦੋਸ਼ੀ ਹੋਣ ਦੀ ਰਿਪੋਟ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਵੀ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਅਤੇ ਅੱਜ ਉਹ ਸੜਕਾਂ ‘ਤੇ ਉਤਰ ਕੇ ਐਸਡੀਐਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ | ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਮਾਲਵੇ ਦੇ ਵਿੱਚ ਗੁਲਾਬੀ ਸੁੰਡੀ ਲੱਗਣ ਨਾਲ ਕਿਸਾਨਾਂ ਦੀ ਫ਼ਸਲ ਪ੍ਰਭਾਵਿਤ ਹੋਈ ਹੈ ਅਸੀਂ ਉਸ ਮੁਆਵਜ਼ੇ ਲਈ ਵੀ ਸਰਕਾਰ ਤੋਂ ਮੰਗ ਕਰਦੇ ਹਾਂ ਅਤੇ ਨਾਲ ਹੀ ਕਿਸਾਨਾਂ ਦੀ ਫਸਲ ਖ਼ਰਾਬ ਹੋਣ ਦਾ ਮੁਆਵਜ਼ਾ ਮੰਗ ਨੂੰ ਲੈ ਕੇ ਅੱਜ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ |
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਡੀ ਨਹੀਂ ਸੁਣਦੀ ਤਾਂਆਉਣ ਵਾਲੇ ਦਿਨਾਂ ਵਿਚ ਅੰਮ੍ਰਿਤਸਰ ਬੰਦ ਕਰਕੇ ਵੱਡਾ ਪ੍ਰਦਰਸ਼ਨ ਕਰਾਂਗੇ | ਇਸ ਦੌਰਾਨ ਕਿਸਾਨ ਆਗੂ ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਨੌਜਵਾਨ ਕਿਸਾਨ ਆਗੂ ਜਗਦੀਸ਼ ਸਿੰਘ ਕੁਰਾਲੀ ਮੌਜੂਦ ਰਹੇ |