Site icon TheUnmute.com

ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਜਾਮ, ਕਈ ਟ੍ਰੇਨਾਂ ਹੋਈਆਂ ਪ੍ਰਭਾਵਿਤ

Railway Track

ਗੁਰਦਾਸਪੁਰ, 22 ਫਰਵਰੀ 2023: ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਅਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ (Railway Track) ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਸਵਿੰਦਰ ਸਿੰਘ ਚੋਤਾਲਾ ਵੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।ਇਸ ਜਾਮ ਨਾਲ 10 ਦੇ ਕਰੀਬ ਟ੍ਰੇਨਾਂ ਅਤੇ ਹਜ਼ਾਰਾਂ ਸਵਾਰੀਆਂ ਹੋਈਆਂ ਪ੍ਰਭਾਵਿਤ ਹੋਈਆਂ ਹਨ ਜਦਕਿ ਦਿੱਲੀ ਅਤੇ ਲੌਂਗ ਰੂਟ ਵਾਲੀਆਂ ਟ੍ਰੇਨਾਂ ਦਾ ਰੂਟ ਪਲਾਨ ਬਦਲ ਦਿੱਤਾ ਗਿਆ ਹੈ।

ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਸਵਿੰਦਰ ਸਿੰਘ ਚੌਤਾਲਾ ਨੇ ਕਿਹਾ ਕਿ ਬੀਤੇ ਸਮੇਂ 30 ਜਨਵਰੀ ਨੂੰ ਜਦੋਂ ਬਟਾਲਾ ਵਿੱਚ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕੀਤਾ ਗਿਆ ਸੀ ਤਾਂ ‌ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਉਸ ਸਮੇਂ ਇਹ ਕਹਿ ਕੇ ‌ਸੰਘਰਸ਼ ਖਤਮ ਕਰਵਾ ਦਿੱਤਾ ਗਿਆ ਸੀ ਕਿ 15 ਫਰਵਰੀ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਲਿਆ ਜਾਵੇਗਾ ਪਰ ਕਿਸਾਨ 15 ਫਰਵਰੀ ਤੋਂ ਪੂਰੇ ਇੱਕ ਹਫਤੇ ਬਾਅਦ‌ ਦੁਬਾਰਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਉਨ੍ਹਾਂ ਦੇ ਵਾਅਦੇ ਯਾਦ ਕਰਵਾਉਣ ਲਈ ਰੇਲ ਰੋਕ ਰਹੇ ਹਨ। ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਗੰਨੇ ਦੇ ਬਕਾਏ ਨੂੰ ਲੈ ਕੇ ਹੈ ਜੋ ਕਿ ਇੱਕ ਹਜ਼ਾਰ ਕਰੋੜ ਰੁਪਏ ਦੇ ‌ਕਰੀਬ ਹੋ ਚੁੱਕਿਆ ਹੈ। ਕਿਸਾਨ ਸਿਰਫ਼ ਫ਼ਸਲ ਦੇ ਸਿਰ ਤੇ ਹੀ ਹੈ ‌ ਅਤੇ ਜੇ ਉਸਨੂੰ ਫਸਲ ਦਾ ਮੁੱਲ ਵੀ ਸਮੇਂ ਸਿਰ ਨਹੀਂ ਮਿਲੇਗਾ ਤਾਂ ਫਿਰ ਉਹ ਕਿਥੇ ਜਾਵੇਗਾ?

ਇਸ ਤੋਂ ਇਲਾਵਾ ਹਾਈਵੇ ਅਤੇ ਹਾਈਵੇ ਐਕਸਪ੍ਰੈਸ ਵੇਅ ਵਿਚ ਆਉਂਦੀਆਂ ਜ਼ਮੀਨਾਂ ਦੇ ਵਾਜਬ ਅਤੇ ਵੇਲੇ ਸਿਰ ਮੁਆਵਜ਼ੇ ਦਵਾਉਣਾ ਵੀ ਇਸ ਸੰਘਰਸ਼ ਦਾ ਮੁੱਖ ਅਜੰਡਾ ਹੈ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ‌ ਨਸ਼ੇ ਦੇ ਵੱਡੇ ਮਗਰਮੱਛਾਂ ਦੇ ਖ਼ਿਲਾਫ਼ ਕਾਰਵਾਈ ਕਰਕੇ ਜਮੀਨੀ ਪੱਧਰ ਤੇ ਨੌਜਵਾਨਾਂ ਨੂੰ ਬਚਾਉਣਾ ਵੀ ਕਿਸਾਨਾਂ ਦੀ ਲੜਾਈ ਵਿਚ ਸ਼ਾਮਿਲ ਹੈ। ਪੁਲਿਸ ਕਿਲੋ ਦੇ ਹਿਸਾਬ ਨਾਲ ਨਸ਼ਾ ਫੜ ਰਹੀ ਹੈ ਜਦ ਕਿ ਪੰਜਾਬ ਵਿੱਚ ਟਨਾਂ ਦੇ ਹਿਸਾਬ ਨਾਲ ਨਸ਼ਾ ਆ ਰਿਹਾ ਹੈ।

ਇਸ ਨੂੰ ਪੁਲਿਸ ਦੀ ਵੱਡੀ ਕਾਮਯਾਬੀ ਨਹੀਂ ਕਿਹਾ ਜਾ ਸਕਦਾ ਕਿਉਂਕਿ ‌ ਜਦੋਂ ਤੱਕ ਵੱਡੇ ਸੌਦਾਗਰ ਫੜੇ ਨਹੀਂ ਜਾਂਦੇ ਨਸ਼ਾ ਪੰਜਾਬ ਵਿੱਚ ਪੂਰੀ ਤਰਾਂ ਨਾਲ ਖ਼ਤਮ ਨਹੀਂ ਹੋ ਸਕਦਾ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣਾ ਅਤੇ ਜਨਹਿਤ ਦੇ ਹੋਰ ਕਈ ਮੁੱਦੇ ਵੀ ਕਿਸਾਨਾਂ ਨੇ ਆਪਣੇ ਇਸ ਸੰਘਰਸ਼ ਵਿੱਚ ਸ਼ਾਮਲ ਕੀਤੇ ਹਨ, ਜਿਹਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ,ਐਮ ਐਸ ਪੀ ਅਤੇ ਸਵਾਮੀ ਨਾਥਨ ਰਿਪੋਰਟ ਲਾਗੂ ਕਰਵਾਉਣੀ ,ਲਖੀਮਪੁਰ ਖੀਰਿ ਦੇ ਦੋਸ਼ੀਆਂ ਨੂੰ ਸਜ਼ਾਵਾਂ ਆਦਿ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਓਦੋਂ ਤਕ ਸੰਘਰਸ਼ ਅਤੇ ਰੇਲ ਰੋਕੋ ਅੰਦੋਲਨ ਜਾਰੀ ਰਹੇਗਾ।

Exit mobile version