ਗੁਰਦਸਪੁਰ 24 ਫਰਵਰੀ 2022 : ਬੀਤੀ ਰਾਤ ਨੂੰ ਚੱਢਾ ਸ਼ੂਗਰ ਮਿੱਲ (Chadha Sugar Mill ) ਕੀੜੀ ਅਫਗਾਨਾ ਵਿੱਚ ਗੰਨੇ ਦੀ ਟਰਾਲੀ ਨੂੰ ਲੈ ਕੇ ਇਕ ਗੰਨਾ ਕਿਸਾਨ ਅਤੇ ਮਿੱਲ ਦੇ ਸੁਰੱਖਿਆ ਕਰਮੀਆਂ ਵਿੱਚ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ । ਜਿਸ ਦੀ ਵੀਡੀਓ ਸੋਸ਼ਿਲ ਮੀਡੀਆ ਵਿੱਚ ਅੱਗ ਵਾਂਗੂੰ ਫ਼ੈਲ ਰਹੀ ਹੈ, ਵੀਡੀਓ ਵਿਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਮਿੱਲ ਦੇ ਸੁਰੱਖਿਆ ਕਰਮੀ ਬੁਰੀ ਤਰ੍ਹਾਂ ਨਾਲ ਚਪੇੜਾਂ ਅਤੇ ਲਾਠੀਆਂ ਨਾਲ ਕਿਸਾਨ ਦੀ ਮਾਰ ਕੁਟਾਈ ਕਰ ਰਹੇ ਹਨ।ਜਿਸ ਤੋਂ ਬਾਅਦ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਦੀ ਪ੍ਰਧਾਨਗੀ ਹੇਠ ਰਾਤ ਧਰਨਾਂ ਪ੍ਰਦਰਸ਼ਨ ਕਰਕੇ ਮਿੱਲ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਿਸ ਤੋਂ ਬਾਅਦ ਮਿੱਲ ਪ੍ਰਸ਼ਾਸਨ ਵੱਲੋਂ 7 ਸੁਰੱਖਿਆ ਕਰਮੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਨੂੰ ਬਣਦੀ ਕਾਰਵਾਈ ਕਰਨ ਵਾਸਤੇ ਕਹਿ ਦਿੱਤਾ ਗਿਆ ਹੈ।
ਪੀੜਤ ਕਿਸਾਨ ਨੂੰ ਪ੍ਰਸ਼ਾਸਨ ਵੱਲੋਂ ਹਰਚੋਵਾਲ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿਥੋਂ ਉਹ ਛੁੱਟੀ ਲੈ ਕੇ ਆਪਣੇ ਘਰ ਵਾਪਸ ਚਲਾ ਗਿਆ,ਪੀੜਤ ਕਿਸਾਨ ਨਿਰਮਲ ਸਿੰਘ ਪਿੰਡ ਡੇਹਰੀਵਾਲ ਦਰੋਗਾ ਦਾ ਦੱਸਿਆ ਜਾ ਰਿਹਾ ਹੈ ਪੁਲਿਸ ਅਨੁਸਾਰ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ,ਫਿਲਹਾਲ ਪੀੜਤ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਮਨਾਹੀ ਕਰਦਾ ਨਜ਼ਰ ਆਇਆ ।