Farishtey scheme: ਫਰਿਸ਼ਤੇ ਸ਼ਬਦ ਨੂੰ ਸੁਣਦੇ ਹੀ ਕਿਸੇ ਅਜਿਹੇ ਵਿਅਕਤੀ ਬਾਰੇ ਜ਼ਿਹਨ ਵਿਚ ਵਿਚਾਰ ਘੁੰਮਦਾ ਹੈ ਜਿਸ ਨੇ ਤੁਹਾਡੀ ਜਾਨ ਬਚਾਉਣ ਤੱਕ ਉਪਰਾਲਾ ਕੀਤਾ ਹੋਵੇ। ਫਰਿਸ਼ਤੇ ਬਣੀ ਹੈ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿਸ ਨੇ ਹੁਣ ਤਕ ਕਈ ਲੋਕਾਂ ਦੀ ਜਾਨ ਬਚਾਈ ਹੈ |
ਸੜਕ ਸੁਰੱਖਿਆ ਅਤੇ ਐਮਰਜੈਂਸੀ ਦੇਖਭਾਲ ਸਬੰਧੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਪੁਲਿਸ ਦੇ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਨੇ ਰਾਜ ਸਿਹਤ ਏਜੰਸੀ (ਐਸ.ਐਚ.ਏ.) ਅਤੇ ਮੈਪ ਮਾਈ ਇੰਡੀਆ ਦੇ ਸਹਿਯੋਗ ਨਾਲ ਮੈਪਲਜ਼ ਮੋਬਾਈਲ ਐਪ ਜ਼ਰੀਏ ਫਰਿਸ਼ਤੇ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਬਾਰੇ ਜਾਣਕਾਰੀ ਉਪਲਬਧ ਕਰਵਾਈ ਹੈ, ਤਾਂ ਜੋ ਸੁਖਾਲੇ ਢੰਗ ਨਾਲ ਇਹਨਾਂ ਹਸਪਤਾਲਾਂ ਤੱਕ ਪਹੁੰਚ ਕੀਤੀ ਜਾ ਸਕੇ।
ਇਸ ਪਹਿਲਕਦਮੀ ਦਾ ਉਦੇਸ਼ ਨਿਰਵਿਘਨ ਨੇਵੀਗੇਸ਼ਨ ਸਹਾਇਤਾ ਦੀ ਪੇਸ਼ਕਸ਼ ਕਰਨਾ ਹੈ, ਜਿਸ ਨਾਲ ਉਪਭੋਗਤਾ, ਖਾਸ ਕਰਕੇ ਸੜਕ ਦੁਰਘਟਨਾਵਾਂ ਦੀ ਸਥਿਤੀ ਵਿੱਚ, ਨੇੜਲੇ ਹਸਪਤਾਲਾਂ ਦੀ ਤੇਜ਼ੀ ਨਾਲ ਭਾਲ ਕਰਕੇ ਸਮੇਂ ਸਿਰ ਪੀੜਤ ਨੂੰ ਹਸਪਤਾਲ ਪਹੁੰਚਾ ਸਕਣਗੇ ।
ਸੜਕ ਹਾਦਸਿਆਂ ਵਿੱਚ ਸੱਟਾਂ ਲੱਗਣ ਕਾਰਨ ਹੋਣ ਵਾਲੀ ਮੌਤ ਦਰ ਨੂੰ ਘਟਾਉਣ ਅਤੇ ਉਪਲਬਧ ਸਰਕਾਰੀ/ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਤੁਰੰਤ, ਮੁਸ਼ਕਲ ਰਹਿਤ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਗਈ ਹੈ। ਜਿਹੜੀ ਹਰ ਰੋਜ ਫਰਿਸ਼ਤੇ ਬਣ ਕੇ ਆਉਂਦੀ ਹੈ ।
ਫਰਿਸ਼ਤੇ ਸਕੀਮ ਤਹਿਤ ਪੰਜਾਬ ਭਰ ਵਿੱਚ 384 ਹਸਪਤਾਲਾਂ ਨੂੰ ਸਫਲਤਾਪੂਰਵਕ ਰਜਿਸਟਰ ਕੀਤਾ ਹੈ, ਜਿਸ ਵਿੱਚ 238 ਪ੍ਰਾਈਵੇਟ ਅਤੇ 146 ਸਰਕਾਰੀ ਹਸਪਤਾਲ ਸ਼ਾਮਲ ਹਨ। ਹੁਣ ਇਹ ਹਸਪਤਾਲ, ਪੰਜਾਬ ਫਰਿਸ਼ਤੇ ਸਕੀਮ ਅਪਲਾਈ ਆਨਲਾਈਨ 2024 ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਮੈਪਲ ਮੋਬਾਈਲ ਐਪ ‘ਤੇ ਉਪਲਬੱਧ ਹਨ।
ਇਸ ਪ੍ਰਣਾਲੀ ਦੀ ਵਰਤੋਂ ਦੁਰਘਟਨਾ ਪੀੜਤਾਂ ਨੂੰ ਸੰਵੇਦਨਸ਼ੀਲ ਸਮੇਂ ‘ਤੇ ਹਸਪਤਾਲ ਲਿਜਾਣ ਲਈ ਸਹਾਈ ਹੋਵੇਗੀ ਜਿਸ ਨਾਲ ਮਨੁੱਖੀ ਜਾਨਾਂ ਬਚਾਉਣ ਦੀ ਦਰ ਵਿੱਚ ਸੁਧਾਰ ਆਵੇਗਾ। ਲੋਕਾਂ ਨੂੰ ਅੱਗੇ ਆ ਕੇ ਦੁਰਘਟਨਾ ਪੀੜਤਾਂ ਦੀ ਮੱਦਦ ਕਰਨ ਅਤੇ ਉਹਨਾਂ ਦੀ ਜਾਨ ਬਚਾਉਣ ਲਈ ਉਤਸ਼ਾਹਿਤ ਕਰਨ ਵਾਲੇ ਅਜਿਹੇ “ਫਰਿਸ਼ਤੇ” ਨੂੰ ਕਾਨੂੰਨੀ ਉਲਝਣਾਂ ਅਤੇ ਪੁਲਿਸ ਪੁੱਛਗਿੱਛ ਤੋਂ ਛੋਟ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉਸ ਨੂੰ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਫਰਿਸ਼ਤੇ ਪ੍ਰਣਾਲੀ (Farishtey scheme) ਤਹਿਤ, ਜ਼ਖਮੀ ਵਿਅਕਤੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀਆਂ ਨੂੰ ਸਰਕਾਰ ਦੁਆਰਾ “ਫਰਿਸ਼ਤਾ” ਵਜੋਂ ਮਾਨਤਾ ਦਿੱਤੀ ਜਾਂਦੀ ਹੈ ਅਤੇ 2,000 ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ।
ਮੈਪ ਮਾਈ ਇੰਡੀਆ ਇਸ ਫਰਿਸ਼ਤੇ ਸਕੀਮ ‘ਚ ਸ਼ਾਮਲ ਹੈ, ਇਸ ਨੇਵੀਗੇਸ਼ਨ ਕੰਪਨੀ ਦਾ ਉਦੇਸ਼ ਹਰ ਹਸਪਤਾਲ ਨੂੰ ਫਰਿਸ਼ਤੇ ਹਸਪਤਾਲ ਦੇ ਰੂਪ ‘ਚ ਮੈਪਿੰਗ ਕਰਕੇ, ਨਿਰਵਿਘਨ ਨੇਵੀਗੇਸ਼ਨ, ਰੀਅਲ-ਟਾਈਮ ਅੱਪਡੇਟ ਅਤੇ ਸਹੀ ਮੈਪਿੰਗ ਪ੍ਰਦਾਨ ਕਰਨਾ ਹੈ।ਫਰਿਸ਼ਤੇ ਦਾ ਨਵਾਂ ਰੂਪ ਸਭ ਦੇ ਸਾਹਮਣੇ ਹੈ ਜਿਸ ਤਹਿਤ ਹਜਾਰਾਂ ਲੋਕਾਂ ਦੀ ਜਾਨ ਬਚੀ ਹੈ।