Site icon TheUnmute.com

ਫਰੀਦਕੋਟ: ਚਿਕਨ ਪੌਕਸ ਬਿਮਾਰੀ ਕਾਰਨ ਜੈਤੋ ਦੇ ਦੋ ਸਕੂਲ 23 ਅਕਤੂਬਰ ਤੱਕ ਕੀਤੇ ਬੰਦ : DC ਵਿਨੀਤ ਕੁਮਾਰ

chicken pox

ਜੈਤੋ, 16 ਅਕਤੂਬਰ 2023: ਜੈਤੋ ਸਬ-ਡਿਵੀਜਨ ਦੇ ਦੋ ਪ੍ਰਾਈਵੇਟ ਸਕੂਲ ਅਲਾਇੰਸ ਇੰਟਰਨੈਸ਼ਨਲ ਸਕੂਲ ਅਤੇ ਸ਼ਿਵਾਲਿਕ ਕਿਡਸ ਸਕੂਲ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਲਾਗ ਦੀ ਬਿਮਾਰੀ ਚਿਕਨ ਪੌਕਸ (chicken pox) ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਫੌਰੀ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਅੱਜ ਇਨ੍ਹਾਂ ਦੋਨਾਂ ਸਕੂਲਾਂ ਵਿੱਚ 07 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਇਸ ਸਬੰਧੀ ਸੁਚੇਤ ਰਹਿਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ ਬਿਮਾਰੀ ਦੀ ਚਪੇਟ ਵਿੱਚ ਆਏ ਬੱਚਿਆਂ ਨੂੰ ਅਲੱਗ ਅਲੱਗ ਕਰਕੇ ਮੁੱਢਲੀ ਸਿਹਤ ਸਹੂਲਤ ਪ੍ਰਦਾਨ ਕਰਨ ਦੇ ਹੁਕਮ ਜਾਰੀ ਕੀਤੇ।

ਸਿਵਲ ਸਰਜਨ ਡਾ. ਅਨਿਲ ਕੁਮਾਰ ਗੋਇਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸ਼ੁੱਕਰਵਾਰ ਦੁਪਹਿਰ ਦੀਆਂ ਹੀ ਇਲਾਕੇ ਵਿੱਚ ਮੁਸਤੈਦ ਹਨ, ਜਦੋਂ ਇਸ ਬਿਮਾਰੀ ਸਬੰਧੀ ਖਬਰ ਆਹਲਾ ਅਧਿਕਾਰੀਆਂ ਤੱਕ ਪਹੁੰਚੀ ਸੀ। ਉਨ੍ਹਾਂ ਦੱਸਿਆ ਕਿ ਡਾ. ਦੀਪਤੀ ਅਰੋੜਾ ਦੀ ਅਗਵਾਈ ਵਿੱਚ ਐਪੀਮੀਓਲੋਜਿਸਟ, ਸਕਿਨ ਸਪੈਸ਼ਲਿਟ, ਪੀਡੀਆਟ੍ਰੀਸ਼ਨ, ਏ.ਐਨ.ਐਮ., ਆਸ਼ਾ ਵਰਕਰ ਅਤੇ ਮਾਸ ਮੀਡੀਆ ਟੀਮਾਂ ਨੇ ਜਿਸ ਇਲਾਕੇ ਵਿੱਚ ਇਹ ਸਕੂਲ ਸਥਿਤ ਹਨ, ਦਾ ਦੌਰਾ ਕਰ ਲਿਆ ਹੈ।

ਇਸ ਸਬੰਧੀ ਹੋਰ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ 02 ਬੰਦ ਕੀਤੇ ਸਕੂਲਾਂ ਸਮੇਤ ਜੈਤੋ ਕਸਬੇ ਵਿੱਚ ਕੁੱਲ 17 ਸਕੂਲ ਹਨ ਅਤੇ ਬਾਕੀ ਦੇ 15 ਸਕੂਲਾਂ ਵਿੱਚ ਵੀ ਇਸ ਬਿਮਾਰੀ ਸਬੰਧੀ ਜਾਗਰੂਕਤਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਸਕੂਲਾਂ ਵਿੱਚੋਂ ਅਲਾਇੰਸ ਸਕੂਲ ਦੇ 21 ਬੱਚਿਆਂ ਨੂੰ ਇਸ ਬਿਮਾਰੀ ਨੇ ਆਪਣੀ ਚਪੇਟ ਵਿੱਚ ਲਿਆ ਹੈ ਅਤੇ 03 ਬੱਚੇ ਸ਼ਿਵਾਲਿਕ ਕਿਡਸ ਸਕੂਲ ਦੇ ਗ੍ਰਸਤ ਹਨ।

ਸਮਾਂ ਰਹਿੰਦਿਆਂ ਫੌਰੀ ਅਤੇ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਉਣ ਕਾਰਨ ਚਿਕਨ ਪੌਕਸ (chicken pox) ‘ਤੇ ਨਕੇਲ ਕਸੀ ਗਈ ਹੈ, ਜਿਸ ਕਾਰਨ ਇਲਾਕੇ ਵਿੱਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕ ਲਿਆ ਗਿਆ ਹੈ। ਇਸ ਬਿਮਾਰੀ ਦੇ ਪ੍ਰਕੋਪ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਦਾ ਅਸਰ 07 ਤੋਂ 14 ਦਿਨਾਂ ਤੱਕ ਰਹਿੰਦਾ ਹੈ, ਜਿਸ ਉਪਰੰਤ ਇਸ ਦਾ ਅਸਰ ਹੌਲੀ ਹੌਲੀ ਘਟਨਾ ਸ਼ੁਰੂ ਹੋ ਜਾਂਦਾ ਹੈ।

ਇੰਨਾ ਹੀ ਨਹੀਂ ਸਿਹਤ ਵਿਭਾਗ ਵੱਲੋਂ ਸਿਵਲ ਪ੍ਰਸ਼ਾਸ਼ਨ ਦੀ ਮਦਦ ਨਾਲ 02 ਸਕੂਲਾਂ ਨੂੰ ਇੱਕ ਹਫਤੇ ਲਈ ਬੰਦ ਕਰਨ ਤੋਂ ਇਲਾਵਾ ਸਮੁੱਚੇ ਇਲਾਕੇ ਵਿੱਚ ਸਿਹਤ ਵਿਭਾਗ ਦਾ ਸਾਰਾ ਤੰਤਰ ਤਿੱਖੀ ਨਜ਼ਰਸਾਨੀ ਵੀ ਕਰ ਰਿਹਾ ਹੈ। ਸਿਵਲ ਸਰਜਨ ਨੇ ਆਸ਼ਵਾਸ਼ਨ ਦਿੱਤਾ ਕਿ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਵੱਲੋਂ ਇਸ ਬਿਮਾਰੀ ਤੋਂ ਹੋਰ ਬੱਚਿਆਂ ਦੇ ਚਪੇਟ ਵਿੱਚ ਆਉਣ ਅਤੇ ਵਧੇਰੇ ਨਾ ਫੈਲਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।

 

Exit mobile version