10 ਨਵੰਬਰ 2024: ਫਰੀਦਕੋਟ (Faridkot) ਜਿਲ੍ਹੇ ਦੇ ਪਿੰਡ ਹਰੀ ਨੌਂ ਦੇ ਰਹਿਣ ਵਾਲੇ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਹਰੀ ਨੌਂ (Gurpreet Singh Hari Nau) ਦੇ ਕਤਲ ਮਾਮਲੇ ਵਿਚ ਲੋਂੜੀਦੇ 2 ਸੂਟਰਾਂ ਨੂੰ ਇਕ ਸਾਥੀ ਸਮੇਤ ਫਰੀਦਕੋਟ ਪੁਲਿਸ ਨੇ ਫੜ੍ਹਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਕਿ ਬਰਨਾਲਾ ਜਿਲ੍ਹੇ ਦੇ ਭਦੌੜ ਨਾਲ ਸੰਬੰਧਿਤ ਸੂਟਰ ਨਵਜੋਤ ਸਿੰਘ ਅਤੇ ਅਨਮੋਲਪ੍ਰੀਤ ਸਿੰਘ ਵੱਲੋਂ 9 ਅਕਤੂਬਰ ਨੂੰ ਗੁਰਪ੍ਰੀਤ ਹਰੀ ਨੌਂ ਨੂੰ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਕੇਸ ਨੂੰ ਫਰੀਦਕੋਟ ਪੁਲਿਸ (police) ਨੇ ਇਕ ਮਹੀਨੇ ਦੀ ਸਖਤ ਮਿਹਨਤ ਤੋਂ ਬਾਅਦ ਸੁਲਝਾ ਲਿਆ ਹੈ ਅਤੇ ਗੋਲੀਆ ਮਾਰਨ ਵਾਲੇ ਦੋਹਾਂ ਸੂਟਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਐਸਐਸਪੀ ਫਰੀਦਕੋਟ ਮੈਡਮ ਪ੍ਰਗਿਆ ਜੈਨ ਨੇ ਦੱਸਿਆ ਕਿ ਦੋਹਾਂ ਸੂਟਰਾਂ ਨੂੰ ਵਿਦੇਸ਼ ਵਿਚ ਬੈਠੇ ਅੱਤਵਾਦੀ ਅਰਸ਼ ਡੱਲਾ ਨੇ ਹਾਇਰ ਕੀਤਾ ਸੀ ਅਤੇ ਉਸ ਨੇ ਇਹਨਾਂ ਸੂਟਰਾਂ ਵਿਚੋਂ ਇਕ ਦੇ ਭਰਾ ਬਲਵੀਰ ਸਿੰਘ ਨੂੰ ਪੈਸੇ ਵੀ ਭੇਜੇ ਸਨ।ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਬਲਵੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਪਾਸੋਂ 2 ਪਿਸਟਲ, ਸਮੇਤ ਜਿੰਦਾ ਕਾਰਤੂਸ਼ ਅਤੇ ਕੁਝ ਨਕਦੀ ਵੀ ਬ੍ਰਾਮਦ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਦੋਹੇਂ ਸੂਟਰ ਵਾਰਦਾਤ ਨੂੰ ੳੰਜਾਮ ਦੇਣ ਤੋਂ ਬਾਅਦ ਵੱਖ ਵੱਖ ਥਾਵਾਂ ਤੇ ਘੁੰਮਦੇ ਰਹੇ ਅਤੇ ਗ੍ਰਿਫਤਾਰੀ ਤੋਂ ਇਕ ਦਿਨ ਪਹਿਲਾਂ ਇਹਨਾਂ ਵੱਲੋਂ ਗਵਾਲੀਅਰ ਨੇੜੇ ਵੀ ਇਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਦੱਸਿਆ ਕਿ ਕਈ ਜਿਲ੍ਹਿਆਂ ਦੀ ਪੁਲਿਸ ਅਤੇ ਏਜੀਟੀਐਫ ਦੇ ਸਹਿਯੋਗ ਨਾਲ ਕੱਲ੍ਹ ਇਹਨਾਂ ਦੋਹਾਂ ਨੰੁ ਮੋਹਾਲੀ ਦੇ ਖਰੜ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦੋਹਾਂ ਨੂੰ ਪੇਸ਼ ਅਦਾਲਤ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅੱਗੇ ਦੀ ਪੁਛਗਿੱਛ ਕੀਤੀ ਜਾਵੇਗੀ। ਪੁਛਗਿੱਛ ਵਿਚ ਕਈ ਖੁਲਾਸੇ ਹੋਣ ਦੀ ਪੁਲਿਸ ਨੂੰ ਉਮੀਦ ਹੈ। ਇਸ ਮਾਮਲੇ ਵਿਚ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਦਾ ਨਾਮ ਆਉਣ ਤੇ ਪੁੱਛੇ ਸਵਾਲ ਤੇ ਐਸਐਸਪੀ ਫਰੀਦਕੋਟ ਨੇ ਕਿਹਾ ਕਿ ਇਹ ਸਭ ਫੜ੍ਹੇ ਗਏ ਸੂਟਰਾਂ ਤੋਂ ਪੁਛਗਿੱਛ ਹੀ ਪਤਾ ਚੱਲ ਸਕੇਗਾ ।