Site icon TheUnmute.com

ਪੰਜਾਬੀ ਲੇਖਕ ਮਨਮੋਹਨ ਸਿੰਘ ਬਾਸਰਕੇ ਦੇ ਦਿਹਾਂਤ ‘ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਦੁੱਖ ਦਾ ਪ੍ਰਗਟਾਵਾ

ਮਨਮੋਹਨ ਸਿੰਘ ਬਾਸਰਕੇ

ਲੁਧਿਆਣਾਃ 30 ਅਕਤੂਬਰ 2023: ਉੱਘੇ ਬਹੁਪੱਖੀ ਪੰਜਾਬੀ ਲੇਖਕ ਮਨਮੋਹਨ ਸਿੰਘ ਬਾਸਰਕੇ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਸਰੀਰਕ ਸੀਮਾਵਾਂ ਦੇ ਬਾਵਜੂਦ ਉਹ ਲਗਾਤਾਰ ਕਰਮਸ਼ੀਲ ਲੇਖਕ ਸਨ। ਉਨ੍ਹਾਂ ਦੇ ਤਿੰਨ ਕਹਾਣੀ ਸੰਗ੍ਰਹਿ ਬੇਨਾਮ ਰਿਸ਼ਤੇ,ਗੁਆਚੇ ਪਲਾਂ ਦੀ ਦਾਸਤਾਨ ਤੇ ਮੁੱਠੀ ਚੋਂ ਕਿਰਦੀ ਰੇਤ ਉਨ੍ਹਾਂ ਦੀ ਸਿਰਜਣਾ ਸ਼ਕਤੀ ਦੀ ਗਵਾਹੀ ਭਰਦੇ ਹਨ। ਉਨ੍ਹਾਂ ਦੀ ਸੱਜਰੀ ਰਚਨਾ ਨਾਵਲ ਖਾਰਾ ਪਾਣੀ ਤੇ ਬਾਲ ਪੁਸਤਕ ਫੁੱਲ ਪੱਤੀਆਂ ਹਨ।

ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵਲੋਂ ਮਨਮੋਹਨ ਸਿੰਘ ਬਾਸਰਕੇ ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਉਤਸ਼ਾਹ ਵਰਧਕ ਸਨਮਾਨ ਪਲ਼ਦਾਨ ਕੀਤਾ ਜਾ ਚੁੱਕਾ ਹੈ। ਮਨਮੋਹਨ ਸਿੰਘ ਬਾਸਰਕੇ ਦੇ ਨਿਕਟਵਰਤੀ ਲੇਖਕ ਪ੍ਰਤਾਪ ਪਾਰਸ ਗੁਰਦਾਸਪੁਰੀ ਨੇ ਦੱਸਿਐ ਕਿ ਸਃ ਮਨਮੋਹਨ ਸਿੰਘ ਬਾਸਰਕੇ ਪਿਛਲੇ ਇੱਕ ਮਹੀਨੇ ਤੋਂ ਢਿੱਲੇ ਮੱਠੇ ਚੱਲ ਰਹੇ ਸਨ। ਗਿਆਨੀ ਹਜ਼ਾਰਾ ਸਿੰਘ ਪ੍ਰੇਮੀ ਦੇ ਘਰ ਮਾਤਾ ਸਵਿੰਦਰ ਕੌਰ ਦੀ ਕੁੱਖੋਂ 16ਮਾਰਚ 1959 ਨੂੰ ਜਨਮੇ ਸਃ ਮਨਮੋਹਨ ਸਿੰਘ ਬਾਸਰਕੇ ਨੇ ਇਤਿਹਾਸਕ ਪਿੰਡ ਬਾਸਰਕੇ ਗਿੱਲਾਂ (ਅੰਮ੍ਰਿਤਸਰ)ਵਿਖੇ ਜਨਮ ਲਿਆ।

ਉਹ ਤੇਰਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ।ਜਿਹਨਾਂ ਵਿੱਚ ਕਹਾਣੀ ਸੰਗ੍ਰਹਿ” ਬੇਨਾਮ ਰਿਸ਼ਤੇ” ,”ਗੁਆਚੇ ਪਲਾਂ ਦੀ ਦਾਸਤਾਨ” ਅਤੇ “ਮੁੱਠੀ ਚੋਂ ਕਿਰਦੀ ਰੇਤ ” ਤੋਂ ਇਲਾਵਾ ਬਾਲ ਪੁਸਤਕ” ਕੁਕੜੂੰ ਘੜੂੰ “, ਭਲੇ ਅਮਰਦਾਸ ਗੁਣ ਤੇਰੇ (ਇਤਿਹਾਸਕ ਨਾਟਕ),”ਇਤਿਹਾਸਕ ਪਿੰਡ ਬਾਸਰਕੇ ਗਿੱਲਾਂ”, “ਸੈਣ ਰੂਪ ਹਰਿ ਜਾਇ ਕੈ” (ਜੀਵਨ ਤੇ ਰਚਨਾ ਸੈਣ ਭਗਤ), ” ਚੇਤਿਆਂ ਦੀ ਚੰਗੇਰ ‘ਚੋਂ ” (ਯਾਦਾਂ) ਅਤੇ ਸਰਵੇ ਪੁਸਤਕ “ਸ੍ਰੀ ਛੇਹਰਟਾ ਸਾਹਿਬ”,”ਅਟਾਰੀ”,”ਰਾਮਦਾਸ” ਅਤੇ ” ਨੂਰਦੀ” ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਅਤੇ “ਸਰਾਏ ਅਮਾਨਤ ਖ਼ਾਂ ” ਅਜੇ ਛਪਾਈ ਅਧੀਨ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਤੋਂ ਸੁਪਰਡੈਂਟ ਵਜੋਂ ਸੇਵਾ ਮੁਕਤ ਹੋਏ ਮਨਮੋਹਨ ਸਿੰਘ ਬਾਸਰਕੇ ਵਾਤਾਵਰਣ ਪ੍ਰੇਮੀ ਵੀ ਸਨ। ਉਨ੍ਹਾਂ ਨੇ ਆਪਣਾ ਸਾਹਿੱਤਕ ਸਫ਼ਰ ਕਵਿਤਾ ਰਸਾਲੇ ਵਿੱਚ ਰਚਨਾਵਾਂ ਛਪਵਾਉਣ ਤੋਂ ਕੀਤਾ। ਪ੍ਰੋਃ ਕਿਰਪਾਲ ਸਿੰਘ ਕਸੇਲ, ਨਿਰਮਲ ਅਰਪਨ ,ਮੁਖਤਾਰ ਗਿੱਲ ਤੇ ਡਾਃ ਇਕਬਾਲ ਕੌਰ ਸੌਂਦ ਉਸ ਨੂੰ ਲਗਾਤਾਰ ਸਾਹਿੱਤ ਸਿਰਜਣਾ ਲਈ ਪ੍ਰੇਰਨਾ ਦਿੰਦੇ ਰਹਿੰਦੇ ਸਨ। ਪ੍ਰੋਃ ਕਿਰਪਾਲ ਸਿੰਘ ਕਸੇਲ ਤੇ ਨਿਰਮਲ ਅਰਪਨ ਦਾ ਉਨ੍ਹਾ ਨੇ ਬਹੁਤ ਦਿਲਚਸਪ ਸ਼ਬਦ ਚਿਤਰ ਵੀ ਲਿਖਿਆ। ਬਾਸਰਕੇ ਦੀਆਂ 20 ਤੋਂ ਵਧੇਰੇ ਕਹਾਣੀਆਂ ਆਲ ਇੰਡੀਆ ਰੇਡੀਓ ਜਲੰਧਰ ਤੋਂ ਬ੍ਰਾਡਕਾਸਟ ਹੋ ਚੁੱਕੀਆਂ ਹਨ। ਸਃ ਮਨਮੋਹਨ ਸਿੰਘ ਬਾਸਰਕੇ ਸਰਹੱਦੀ ਸਾਹਿੱਤ ਸਭਾ ਅੰਮ੍ਰਿਤਸਰ ਤੇ ਪੰਜਾਬੀ ਸਾਹਿੱਤ ਸਭਾ ਤਰਸਿੱਕਾ(ਅੰਮ੍ਰਿਤਸਰ) ਦੇ ਵੀ ਲੰਮਾ ਸਮਾਂ ਅਹੁਦੇਦਾਰ ਰਹੇ।

Exit mobile version