ਕਪੂਰਥਲਾ 21ਨਵੰਬਰ 2022: ਪੰਜਾਬ ਸਰਕਾਰ ਵਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਉੱਪਰ ਪਿਛਲੇ ਦਿਨੀਂ ਲਾਈ ਰੋਕ ਦੀ ਉਲੰਘਣਾ ਕਰਦਿਆਂ ਵਿਆਹ ਵਿਚ ਸੌਂਕੀਆ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਵਿਰੁੱਧ ਜਿਲ੍ਹਾ ਪ੍ਰਸ਼ਾਸ਼ਨ ‘ਤੇ ਪੁਲਿਸ ਨੇ ਸਖਤ ਕਾਰਵਾਈ ਕਰਦਿਆਂ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ |
ਤੁਹਾਨੂੰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਨੂੰ ਪਿੰਡ ਚੱਕ ਦੋਨਾ, ਥਾਣਾ ਸਦਰ ਕਪੂਰਥਲਾ ਵਿਖੇ ਵਿਆਹ ਸਮਾਗਮ ਮੌਕੇ ਬਲਬੂਟਾ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਸ਼ਿਕਾਰਪੁਰ ਥਾਣਾ ਸੁਲਤਾਨਪੁਰ ਲੋਧੀ ਵਲੋਂ ਜਾਗੋ ਮੌਕੇ ਲਾਇਸੈਂਸੀ ਹਥਿਆਰ ਨਾਲ ਹਵਾਈ ਫਾਇਰ ਕਰਨ ਦੀ ਸ਼ਿਕਾਇਤ ਮਿਲੀ ਸੀ।
ਸੂਚਨਾ ਮਿਲਣ ’ਤੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਪੜਤਾਲ ਕਰਨ ਮਗਰੋਂ ਫਾਇਰ ਕਰਨ ਵਾਲੇ ਬਲਬੂਟਾ ਸਿੰਘ ਵਿਰੁੱਧ ਆਰਮਜ਼ ਐਕਟ 1959 ਦੀ ਧਾਰਾ 27 ਤੇ ਆਈ.ਪੀ.ਸੀ. 1860 ਦੀ ਧਾਰਾ 336 ਤਹਿਤ ਥਾਣਾ ਸਦਰ ਕਪੂਰਥਲਾ ਵਿਖੇ ਐਫ. ਆਈ.ਆਰ. ਨੰਬਰ 126 ਮਿਤੀ 20 ਨਵੰਬਰ 2022 ਨੂੰ ਦਰਜ ਕੀਤੀ ਗਈ ਹੈ।
ਇਸਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਬੰਧਿਤ ਵਿਅਕਤੀ ਦੇ ਅਸਲਾ ਲਾਇਸੈਂਸ ਨੂੰ ਰੱਦ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਡੀਐੱਸਪੀ/ਐੱਸਡੀ ਮਨੀਇੰਦਰ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼ੋਸ਼ਲ ਮੀਡੀਆ ਉੱਪਰ ਹਥਿਆਰਾਂ ਦੀ ਨੁਮਾਇਸ਼, ਨਫਰਤੀ ਭਾਸ਼ਣ ਪੋਸਟ ਕਰਨ ਵਾਲਿਆਂ ਉੱਪਰ ਨਿਗਰਾਨੀ ਲਈ ਸ਼ੋਸ਼ਲ ਮੀਡੀਆ ਸੈਲ ਨੂੰ ਹੋਰ ਸਰਗਰਮ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪੂਰੀ ਸਖਤੀ ਵਰਤੀ ਜਾਵੇਗੀ ।
ਦੱਸਣਯੋਗ ਹੈ ਕਿ ਜਿਲ੍ਹਾ ਮੈਜਿਸਟ੍ਰੇਟ ਵਲੋਂ ਹਥਿਆਰ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ’ਤੇ ਵੀ ਪੂਰਨ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਜਨਤਕ ਇਕੱਠਾਂ, ਵਿਆਹਾਂ, ਧਾਰਮਿਕ ਸਥਾਨਾਂ ਜਾਂ ਹੋਰ ਸਮਾਗਮਾਂ ਵਿਚ ਹਥਿਆਰ ਲੈ ਕੇ ਪ੍ਰਦਰਸ਼ਨ ਕਰਨ ’ਤੇ ਵੀ ਪਾਬੰਦੀ ਲਾਗੂ ਹੈ।