ਚੰਡੀਗੜ੍ਹ, 31 ਮਾਰਚ 2023: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਪ੍ਰਚੰਡ ਨੇ ਨੇਪਾਲੀ ਕਾਂਗਰਸ ਸਮੇਤ ਪੰਜ ਨਵੀਆਂ ਪਾਰਟੀਆਂ ਦੇ ਮੰਤਰੀਆਂ ਨੂੰ ਸ਼ਾਮਲ ਕਰਕੇ ਤਿੰਨ ਮਹੀਨਿਆਂ ਵਿੱਚ ਸੱਤਵੀਂ ਵਾਰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ । ਰਾਸ਼ਟਰਪਤੀ ਦਫਤਰ ਸ਼ੀਤਲ ਨਿਵਾਸ ਵਿਖੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਇਨ੍ਹਾਂ ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਦੀ ਕੈਬਨਿਟ ਵਿੱਚ ਸ਼ੁੱਕਰਵਾਰ ਨੂੰ 10 ਮੰਤਰੀਆਂ ਨੇ ਸਹੁੰ ਚੁੱਕੀ।
ਵਿਸਥਾਰ ਤੋਂ ਪਹਿਲਾਂ, ਪ੍ਰਚੰਡ ‘ਤੇ ਗ੍ਰਹਿ, ਵਿੱਤ, ਵਿਦੇਸ਼, ਉਦਯੋਗ ਅਤੇ ਵਣਜ, ਵਿਗਿਆਨ ਅਤੇ ਤਕਨਾਲੋਜੀ ਅਤੇ ਖੇਤੀਬਾੜੀ ਮੰਤਰਾਲਿਆਂ ਸਮੇਤ ਲਗਭਗ 16 ਮੰਤਰੀ ਮੰਡਲਾਂ ਦਾ ਬੋਝ ਸੀ। ਸ਼ੁੱਕਰਵਾਰ ਦੇ ਵਿਸਤਾਰ ਤੋਂ ਪਹਿਲਾਂ, ਪ੍ਰਚੰਡ ਦੀ ਅਗਵਾਈ ਵਾਲੀ ਸਰਕਾਰ ਕੋਲ ਪ੍ਰਧਾਨ ਮੰਤਰੀ ਅਤੇ ਇੱਕ ਰਾਜ ਮੰਤਰੀ ਸਮੇਤ ਸਿਰਫ ਛੇ ਕੈਬਨਿਟ ਮੰਤਰੀ ਸਨ, ਕਿਉਂਕਿ ਸੀਪੀਐਨ-ਯੂਐਮਐਲ, ਰਾਸ਼ਟਰੀ ਪ੍ਰਜਾਤੰਤਰ ਪਾਰਟੀ ਅਤੇ ਰਾਸ਼ਟਰੀ ਸੁਤੰਤਰ ਪਾਰਟੀ ਨੇ ਵੰਡ ਤੋਂ ਬਾਅਦ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ।