July 1, 2024 6:30 am
Kultar Singh Sandhawan

ਕੁਲਤਾਰ ਸਿੰਘ ਸੰਧਵਾਂ ਦੀ ਨਿਵੇਕਲੀ ਪਹਿਲ, ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਵਿਧਾਨ ਸਭਾ ‘ਚ ਸਨਮਾਨ

ਚੰਡੀਗੜ, 17 ਅਕਤੂਬਰ 2022: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਅੱਜ ਇਕ ਨਿਵੇਕਲੀ ਪਹਿਲ ਕਰਦਿਆਂ ਬੀਤੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਵਾਲੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਕਿਸਾਨਾਂ ਦਾ ਵਿਧਾਨ ਸਭਾ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸਨਮਾਨ ਕੀਤਾ। ਇਸ ਮੌਕੇ ਉਹਨਾਂ ਕਿਸਾਨਾਂ ਦਾ ਵੀ ਸਨਮਾਨ ਕੀਤਾ ਗਿਆ ਜੋ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ।

ਇਸ ਸਨਮਾਨ ਸਮਾਰੋਹ ਵਿੱਚ ਫ਼ਰੀਦਕੋਟ ਜ਼ਿਲੇ 18, ਮੋਗਾ ਦੇ 13, ਸੰਗਰੂਰ ਦੇ 10, ਰੂਪਨਗਰ ਦੇ 1 ਅਤੇ ਗੁਰਦਾਸਪੁਰ 10 ਅਤੇ ਲੁਧਿਆਣਾ ਤੇ ਬਰਨਾਲਾ ਦੇ 7 ਵਾਤਾਵਰਨ ਪ੍ਰੇਮੀ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਵੱਲੋਂ ਦਿਖਾਏ ਗਏ ਮਾਰਗ ਉੱਤੇ ਚੱਲਦਿਆਂ ਖੇਤੀ ਕਰ ਰਹੇ ਕਿਸਾਨਾਂ ਦਾ ਸਨਮਾਨ ਕਰਕੇ ਉਹ ਖੁਦ ਸਨਮਾਨਿਤ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਇਹ ਕਿਸਾਨ ਸਮਾਜ ਲਈ ਬਹੁਤ ਵੱਡਾ ਉਪਰਾਲਾ ਕਰ ਰਹੇ ਹਨ।

May be an image of 6 people, beard, people standing, turban and indoor

ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਇਸ ਤਰਾਂ ਦਾ ਇਹ ਪਹਿਲਾ ਸਮਾਗਮ ਹੋਇਆ ਹੈ ਜਿਸ ਵਿੱਚ ਵਾਤਾਵਰਨ ਨਾਲ ਜੁੜੇ ਹੋਏ ਲੋਕਾਂ ਨੂੰ ਮਿਲ ਬੈਠ ਕੇ ਵਿਚਾਰ ਚਰਚਾ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਉਨਾਂ ਨੇ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਕਰਨ ਲਈ ਵੱਧ ਤੋਂ ਵੱਧ ਮਦਦ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਪੰਜਾਬ ਰਾਜ ਦੇ ਵਾਤਾਵਰਨ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਆਏ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਇਸ ਨਿਵੇਕਲੇ ਕਿਸਮ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਇਹ ਪ੍ਰੋਗਰਾਮ ਪੰਜਾਬ ਦੇ ਕਿਸਾਨਾਂ ਲਈ ਮਾਰਗ ਦਰਸ਼ਕ ਦਾ ਕੰਮ ਕਰੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਹੁਤ ਗੰਭੀਰਤਾ ਨਾਲ ਯਤਨਸ਼ੀਲ ਹੈ ਅਤੇ ਹਰ ਪੱਧਰ ‘ਤੇ ਇਸ ਬਾਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

May be an image of 4 people, beard, people standing, turban and indoor

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਉਦਯੋਗਾਂ ਅਤੇ ਭੱਠਿਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਹੈ ਕਿ ਉਹ ਪਰਾਲੀ ਨੂੰ ਬਾਲਣ ਵਜੋਂ ਵਰਤਣ ਪਰੰਤੂ ਇਸ ਨਾਲ ਵੀ ਪੈਦਾ ਹੋਣ ਵਾਲੀ ਪਰਾਲੀ ਦਾ 20 ਫ਼ੀਸਦੀ ਹਿੱਸਾ ਹੀ ਨਿਪਟਾਇਆ ਜਾ ਸਕਦਾ ਹੈ ਜਦਕਿ ਪਰਾਲੀ ਦੇ 80 ਫ਼ੀਸਦੀ ਹਿੱਸੇ ਦਾ ਕਿਸਾਨਾਂ ਦੇ ਸਹਿਯੋਗ ਬਿਨਾਂ ਨਿਪਟਾਰਾ ਸੰਭਵ ਨਹੀਂ। ਇਸ ਮੌਕੇ ਉਹਨਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮਨੁੱਖ ਨੂੰ ਧਰਤੀ ‘ਤੇ ਰਹਿਣ ਲਈ ਸਭ ਤੋਂ ਵੱਧ ਸ਼ੁੱਧ ਵਾਤਾਵਰਨ ਦੀ ਲੋੜ ਹੈ।

ਇਸ ਮੌਕੇ 100 ਦੇ ਕਰੀਬ ਕਿਸਾਨਾਂ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਨ ਸਭਾ ਦੀ ਪ੍ਰੀਵਲੇਜ਼ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਵੱਲੋਂ ਸਨਮਾਨ ਪੱਤਰ ਦਿੱਤੇ ਗਏ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਭਾਈ ਘਨਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਪੀ ਆਰ ਓ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਮੁੱਖ ਖੇਤੀਬਾੜੀ ਅਫ਼ਸਰ ਫਰੀਦਕੋਟ ਕਰਨਜੀਤ ਸਿੰਘ, ਏ ਡੀ ਓ ਯਾਦਵਿੰਦਰ ਸਿੰਘ, ਉੱਘੇ ਉਦਮੀ ਮਿੰਟੂ ਧੂਰਕੋਟ ਰਨਸੀ ਵੀ ਹਾਜ਼ਰ ਸਨ।