PPSC

ਨਾਇਬ ਤਹਿਸੀਲਦਾਰਾਂ ਦੀ ਪ੍ਰੀਖਿਆ PPSC ਦੀ ਕਾਰਜ ਪ੍ਰਣਾਲੀ ਦੇ ਨਿਯਮਾਂ ਮੁਤਾਬਕ ਲਈਆਂ ਹਨ : PPSC ਚੇਅਰਮੈਨ

ਚੰਡੀਗੜ੍ਹ 24 ਮਈ 2022: PPSC ਦੀ ਪ੍ਰੀਖਿਆ ਪੰਜਾਬੀ ਭਾਸ਼ਾ ‘ਚ ਨਾ ਹੋਣ ‘ਤੇ ਵੱਖ ਵੱਖ ਵਿਭਾਗਾਂ ਵਲੋਂ ਇਸ ਨਿਖੇਧੀ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਮਨਜਿੰਦਰ ਸਿਰਸਾ ਨੇ ਵੀ ਪੰਜਾਬ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ | ਇਸ ਦੌਰਾਨ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰਾਂ ਦੀਆਂ 78 ਅਸਾਮੀਆਂ ਦੀ ਪ੍ਰੀਖਿਆ ਸਿਰਫ ਅੰਗਰੇਜ਼ੀ ਭਾਸ਼ਾ ਵਿਚ ਕਰਵਾਉਣ ਬਾਰੇ ਮੀਡੀਆ ਰਿਪੋਰਟਾਂ ’ਤੇ ਪ੍ਰਤੀਕਰਮ ਦਿੰਦਿਆਂ ਪੀ.ਪੀ.ਐਸ.ਸੀ. ਦੇ ਚੇਅਰੈਮਨ ਜਗਬੰਸ ਸਿੰਘ ਨੇ ਅੱਜ ਸਪੱਸ਼ਟ ਕੀਤਾ ਕਿ ਪੀ.ਸੀ.ਐਸ.ਸੀ. ਵੱਲੋਂ ਆਪਣੀ ਕਾਰਜ ਪ੍ਰਣਾਲੀ ਲਈ ਤੈਅ ਪ੍ਰਕਿਰਿਆ ਦੇ ਨਿਯਮਾਂ ਵਿਚ ਸਾਫ ਤੌਰ ’ਤੇ ਨਿਰਧਾਰਤ ਕੀਤਾ ਗਿਆ ਹੈ ਕਿ ਪ੍ਰਸ਼ਨ ਪੱਤਰ ਸਿਰਫ ਅੰਗਰੇਜ਼ੀ ਭਾਸ਼ਾ ਵਿਚ ਤਿਆਰ ਕੀਤੇ ਜਾਂਦੇ ਹਨ ਅਤੇ ਬੀਤੇ ਸਮੇਂ ਵਿਚ ਵੀ ਅਜਿਹੀਆਂ ਸਾਰੀਆਂ ਪ੍ਰੀਖਿਆਵਾਂ ਵੀ ਅੰਗਰੇਜ਼ੀ ਵਿਚ ਹੀ ਲਈਆਂ ਗਈਆਂ ਹਨ।

ਇਸਦੇ ਨਾਲ ਹੀ PPSC ਦੇ ਚੇਅਰਮੈਨ ਨੇ ਕਿਹਾ ਕਿ ਉਪਰੋਕਤ ਨਿਯਮਾਂ ਵਿਚ ਸਿਰਫ਼ ਪੰਜਾਬ ਰਾਜ ਸਿਵਲ ਸਰਵਿਸਜ਼ ਸਾਂਝੀ ਪ੍ਰਤੀਯੋਗੀ ਪ੍ਰੀਖਿਆ (ਮੁਢਲੀ ਤੇ ਮੁੱਖ ਪ੍ਰੀਖਿਆ, ਦੋਵੇਂ) ਨੂੰ ਛੋਟ ਦਿੱਤੀ ਗਈ ਹੈ ਕਿਉਂ ਜੋ ਸਰਕਾਰ ਦੁਆਰਾ ਨੋਟੀਫਾਈ ਕੀਤੇ ਨਿਯਮਾਂ ਅਨੁਸਾਰ ਇਹ ਪ੍ਰੀਖਿਆ ਅੰਗਰੇਜ਼ੀ ਅਤੇ ਪੰਜਾਬੀ, ਦੋਵਾਂ ਭਾਸ਼ਾਵਾਂ ਵਿਚ ਕਰਵਾਉਣਾ ਲਾਜ਼ਮੀ ਹੈ।

PPSC ਵੱਲੋਂ ਹਾਲ ਹੀ ਵਿਚ ਕਰਵਾਈ ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਨਾਲ ਸਬੰਧਤ ਮੀਡੀਆ ਵੱਲੋਂ ਚੁੱਕੇ ਮੁੱਦੇ ਦਾ ਜ਼ਿਕਰ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਅੰਗਰੇਜ਼ੀ ਭਾਸ਼ਾ ਦੇ ਪ੍ਰਸ਼ਨ ਪੱਤਰ ਜੋ ਬਹੁ-ਚੋਣ ਵਾਲੇ ਪ੍ਰਸ਼ਨਾਂ ਉਤੇ ਅਧਾਰਿਤ ਸਨ, ਵਿਚ ਉਮੀਦਵਾਰਾਂ ਨੂੰ ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ ਸਹੀ ਦੀ ਚੋਣ ਕਰਨੀ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਨਾਇਬ ਤਹਿਸੀਲਦਾਰ ਦੀ ਅਸਾਮੀ ਲਈ ਘੱਟੋ-ਘੱਟ ਯੋਗਤਾ ਗ੍ਰੈਜੂਏਸ਼ਨ ਹੈ ਅਤੇ ਕਿਸੇ ਵੀ ਸਟ੍ਰੀਮ ਵਿਚ ਗ੍ਰੈਜੂਏਸ਼ਨ ’ਚ ਅੰਗਰੇਜ਼ੀ ਦਾ ਮੁੱਢਲਾ ਗਿਆਨ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਜੋ ਉਸ ਨੂੰ ਬਹੁ-ਚੋਣ ਵਾਲੇ ਪ੍ਰਸ਼ਨਾਂ ਵਿਚ ਸਹੀ ਦੀ ਚੋਣ ਕਰਨ ਦੇ ਯੋਗ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰੀਖਿਆਵਾਂ ਦੇ ਉੱਤਰ ਦੇਣ ਲਈ ਭਾਸ਼ਾ ਵਿਚ ਲਿਖਤੀ ਤੌਰ ’ਤੇ ਦਰਸਾਉਣ ਦੀ ਲੋੜ ਨਹੀਂ ਸੀ।

Scroll to Top