ਅੰਮ੍ਰਿਤਸਰ , 11 ਅਕਤੂਬਰ 2023: ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ-ਉਲ-ਹੱਕ (Inzamam-ul-Haq) ਅੱਜ ਅੰਮ੍ਰਿਤਸਰ ਪਹੁੰਚੇ ਅਤੇ ਉੱਥੇ ਹੀ ਉਹਨਾਂ ਦਾ ਅੰਮ੍ਰਿਤਸਰ ਕੋਮਾਂਤਰੀ ਹਵਾਈ ਅੱਡੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੇ ਸਵਾਗਤ ਕੀਤਾ ਗਿਆ | ਬੀਤੇ ਦਿਨ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਮੈਚ ‘ਚ ਪਾਕਿਸਤਾਨ ਦੀ ਜਿੱਤ ਉੱਤੇ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ | ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਖਿਡਾਰੀ ਵਧੀਆ ਖੇਡ ਰਹੇ ਹਨ ਲੇਕਿਨ ਉਹਨਾਂ ਨੂੰ ਇਹ ਖੇਡ ਲਗਾਤਾਰ ਹੀ ਬਰਕਰਾਰ ਰੱਖਣੀ ਪਵੇਗੀ। ਇੰਜ਼ਮਾਮ ਉਲ ਹੱਕ ਨੇ ਕਿਹਾ ਕਿ ਜੇਕਰ ਹਿੰਦੁਸਤਾਨ ਅਤੇ ਪਾਕਿਸਤਾਨ ਨੇ ਇਕੱਠੇ ਚੱਲਣਾ ਹੈ ਤਾਂ ਇਸ ਨਾਲ ਸਾਨੂੰ ਖੇਡ ਜ਼ਰੂਰ ਜੋੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਜਦੋਂ ਵੀ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੁੰਦਾ ਹੈ ਉਹ ਫਾਈਨਲ ਵਰਗਾ ਹੀ ਹੁੰਦਾ ਹੈ।
ਭਾਰਤ ਵਿੱਚ ਹੋ ਰਹੇ ਵਰਲਡ ਕੱਪ ਕਰਨ ਟੂਰਨਾਮੈਂਟ ਲਗਾਤਾਰ ਹੀ ਕਾਫੀ ਰੋਮਾਂਚਕ ਹੁੰਦਾ ਜਾ ਰਿਹਾ ਹੈ। ਇੰਜ਼ਮਾਮ-ਉਲ-ਹੱਕ (Inzamam-ul-Haq) ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਇਸ ਵਿਸ਼ਵ ਕੱਪ ਵਿੱਚ ਭਾਰਤ ਅਤੇ ਪਕਿਸਤਾਨ ਦਾ ਮੁਕਾਬਲਾ ਦੇਖਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੱਲ ਉਹਨਾਂ ਦੇ ਬੱਲੇਬਾਜਾਂ ਵੱਲੋਂ ਬੱਲੇਬਾਜ਼ੀ ਕੀਤੀ ਗਈ ਉਹ ਕਾਫੀ ਤਾਰੀਫ਼ ਦੇ ਕਾਬਿਲ ਹੈ | ਉਥੇ ਹੀ ਏਸ਼ੀਆ ਖੇਡਾਂ ‘ਚ ਭਾਰਤੀ ਹਾਕੀ ਟੀਮ ਨੂੰ ਸੋਨ ਤਮਗਾ ਜਿੱਤਣ ‘ਤੇ ਵਧਾਈ ਦਿੱਤੀ | ਉਹਨਾਂ ਦਾ ਕਹਿਣਾ ਸੀ ਕਿ ਦੋਵੇਂ ਦੇਸ਼ਾਂ ਦੀ ਜੇਕਰ ਦੋਸਤੀ ਕਾਇਮ ਰੱਖਣੀ ਹੈ ਤਾਂ ਖੇਡਾਂ ਹੋਣੀਆਂ ਬਹੁਤ ਜ਼ਰੂਰੀ ਹਨ, ਇਸ ਨਾਲ ਦੋਵੇਂ ਦੇਸ਼ਾਂ ਦਾ ਪਿਆਰ ਅਤੇ ਇਤਫਾਕ ਵੀ ਵੱਧਦਾ ਹੈ | ਜਿਕਰਯੋਗ ਹੈ ਕਿ 14 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਸ਼ਵ ਕੱਪ ‘ਚ ਆਹਮੋ-ਸਾਹਮਣੇ ਹੋਣਗੇ |