ਚੰਡੀਗ੍ਹੜ, 28 ਨਵੰਬਰ 2023: 12 ਨਵੰਬਰ ਤੋਂ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ (Silkiara Tunnel) ਵਿੱਚ ਫਸੇ 41 ਮਜ਼ਦੂਰਾਂ ਨੂੰ ਕੱਢਣ ਦਾ ਕੰਮ ਸ਼ੁਰੂ ਹੋ ਗਿਆ ਹੈ। ਐਂਬੂਲੈਂਸ ਤੋਂ ਇਲਾਵਾ, ਸਟਰੈਚਰ ਅਤੇ ਗੱਦੇ ਸੁਰੰਗ ਦੇ ਅੰਦਰ ਪਹੁੰਚਾਏ ਗਏ ਹਨ। ਐੱਨ.ਡੀ.ਆਰ.ਐੱਫ ਦੀ ਟੀਮ 16 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਦੋ ਘੰਟਿਆਂ ਦੇ ਅੰਦਰ ਸੁਰੰਗ ‘ਚੋਂ ਬਾਹਰ ਕੱਢੇਗੀ।
ਸੁਰੰਗ (Silkiara Tunnel) ਦੇ ਨੇੜੇ ਇੱਕ ਬੇਸ ਹਸਪਤਾਲ ਹੈ। ਜਿੱਥੇ ਵਰਕਰਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ 30-35 ਕਿਲੋਮੀਟਰ ਦੂਰ ਚਿਨਿਆਲੀਸੌਰ ਲਿਜਾਇਆ ਜਾਵੇਗਾ। ਉਥੇ 41 ਬਿਸਤਰਿਆਂ ਦਾ ਵਿਸ਼ੇਸ਼ ਹਸਪਤਾਲ ਬਣਾਇਆ ਗਿਆ ਹੈ। ਜੇਕਰ ਕਿਸੇ ਮਜ਼ਦੂਰ ਦੀ ਹਾਲਤ ਵਿਗੜਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਏਅਰਲਿਫਟ ਕਰਕੇ ਏਮਜ਼ ਰਿਸ਼ੀਕੇਸ਼ ਭੇਜਿਆ ਜਾਵੇਗਾ।
ਇਸ ਤੋਂ ਪਹਿਲਾਂ, ਸਿਲਕਿਆਰਾ (Silkiara Tunnel) ਵਾਲੇ ਪਾਸੇ ਤੋਂ ਹਰੀਜੱਟਲ ਡਰਿਲਿੰਗ ਵਿੱਚ ਲੱਗੇ ਰੈਟ ਮਾਈਨਰਾਂ ਨੇ ਹਾਦਸੇ ਦੇ 17ਵੇਂ ਦਿਨ ਖੁਦਾਈ ਪੂਰੀ ਕੀਤੀ ਅਤੇ ਪਾਈਪ ਤੋਂ ਬਾਹਰ ਆ ਗਏ। ਉਨ੍ਹਾਂ ਨੇ ਲਗਭਗ 21 ਘੰਟਿਆਂ ਵਿੱਚ 12 ਮੀਟਰ ਮੈਨੂਅਲ ਡਰਿਲਿੰਗ ਕੀਤੀ। 24 ਨਵੰਬਰ ਨੂੰ ਮਜ਼ਦੂਰਾਂ ਦੇ ਟਿਕਾਣੇ ਤੋਂ ਮਹਿਜ਼ 12 ਮੀਟਰ ਦੀ ਦੂਰੀ ‘ਤੇ ਮਸ਼ੀਨ ਦੇ ਬਲੇਡ ਟੁੱਟ ਗਏ ਸਨ। ਇਸ ਕਾਰਨ ਬਚਾਅ ਕਾਰਜ ਰੋਕਣਾ ਪਿਆ।
ਇਸ ਤੋਂ ਬਾਅਦ ਬਾਕੀ ਡਰਿਲਿੰਗ ਲਈ ਫੌਜ ਅਤੇ ਰੈਟ ਮਾਈਨਰਾਂ ਨੂੰ ਬੁਲਾਇਆ ਗਿਆ। ਅੱਜ ਸਵੇਰੇ 11 ਵਜੇ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ‘ਤੇ ਖੁਸ਼ੀ ਦਿਖਾਈ ਦਿੱਤੀ ਜਦੋਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਆਪਣੇ ਕੱਪੜੇ ਅਤੇ ਬੈਗ ਤਿਆਰ ਰੱਖਣ ਲਈ ਕਿਹਾ। ਜਲਦੀ ਹੀ ਚੰਗੀ ਖ਼ਬਰ ਆ ਰਹੀ ਹੈ।