ਚੰਡੀਗੜ੍ਹ 05 ਅਕਤੂਬਰ 2022: ਈਰਾਨ ‘ਚ ਮਹਸਾ ਅਮਿਨੀ ਦੀ ਮੌਤ ਤੋਂ ਬਾਅਦ ਹਿਜਾਬ ਦਾ ਵਿਰੋਧ ਯੂਰਪੀ ਸੰਘ ਤੱਕ ਪਹੁੰਚ ਗਿਆ ਹੈ। ਇੱਕ ਯੂਰਪੀਅਨ ਸੰਸਦ ਮੈਂਬਰ ਨੇ ਹਿਜਾਬ ਨੂੰ ਲੈ ਕੇ ਦੇਸ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਈਰਾਨੀ ਔਰਤਾਂ ਪ੍ਰਤੀ ਆਪਣੀ ਵਚਨਬੱਧਤਾ ਦੇ ਸੰਕੇਤ ਵਜੋਂ ਸੰਸਦ ਵਿੱਚ ਬਹਿਸ ਦੌਰਾਨ ਆਪਣੇ ਵਾਲ ਕੱਟ ਲਏ ।
ਇਸ ਦੌਰਾਨ ਸਵੀਡਿਸ਼ ਸਿਆਸਤਦਾਨ ਅਬੀਰ ਅਲ-ਸਹਿਲਾਨੀ (Abir Al–Sahlani) ਨੇ ਸੰਸਦ ‘ਚ ਆਪਣੇ ਵਾਲ ਕੱਟਣ ਤੋਂ ਬਾਅਦ ਕਿਹਾ ਕਿ ਯੂਰਪੀ ਸੰਘ ਦੇ ਲੋਕ ਅਤੇ ਯੂਰਪ ਦੇ ਨਾਗਰਿਕਾਂ ਦੀ ਮੰਗ ਹੈ ਕਿ ਈਰਾਨ ‘ਚ ਮਰਦਾਂ ਅਤੇ ਔਰਤਾਂ ਵਿਰੁੱਧ ਹਰ ਤਰ੍ਹਾਂ ਦੀ ਹਿੰਸਾ ਨੂੰ ਬਿਨਾਂ ਸ਼ਰਤ ਤੁਰੰਤ ਬੰਦ ਕੀਤਾ ਜਾਵੇ।
ਸਵੀਡਿਸ਼ ਰਾਜਨੇਤਾ ਅਬੀਰ ਅਲ ਸਾਹਲਾਨੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਕ ਵੀਡੀਓ ਪੋਸਟ ਕੀਤੀ। ਇਸ ‘ਚ ਉਹ ਯੂਰਪੀ ਸੰਸਦ ਦੇ ਮੈਂਬਰਾਂ ਦੇ ਸਾਹਮਣੇ ਆਪਣੇ ਵਾਲ ਕੱਟਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ ਕਿ ‘ਅਸੀਂ ਉਦੋਂ ਤੱਕ ਤੁਹਾਡੇ ਨਾਲ ਖੜ੍ਹੇ ਰਹਾਂਗੇ ਜਦੋਂ ਤੱਕ ਈਰਾਨ ਦੀਆਂ ਔਰਤਾਂ ਆਜ਼ਾਦ ਨਹੀਂ ਹੋ ਜਾਂਦੀਆਂ।’
ਜਿਕਰਯੋਗ ਹੈ ਕਿ 22 ਸਾਲਾ ਮਾਹਸਾ ਅਮਿਨੀ ਦੀ 13 ਸਤੰਬਰ ਨੂੰ ਤਹਿਰਾਨ ਵਿੱਚ ਈਰਾਨ ਦੀ ਐਥਿਕਸ ਪੁਲਿਸ ਦੁਆਰਾ ਕਥਿਤ ਤੌਰ ‘ਤੇ ਡਰੈੱਸ ਕੋਡ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹਿਰਾਸਤ ਵਿੱਚ ਮੌਤ ਹੋ ਗਈ ਸੀ।