ਐੱਸ.ਏ.ਐੱਸ.ਨਗਰ, 10 ਮਈ 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (Deputy Commissioner Ashika Jain) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਭਾਗਾਂ ਵੱਲੋਂ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਵੱਖੋ-ਵੱਖ ਲੋਕ ਭਲਾਈ ਸਕੀਮਾਂ ਦੇ ਜ਼ਿਲ੍ਹਾ ਵਾਸੀਆਂ ਨੂੰ ਦਿੱਤੇ ਜਾ ਰਹੇ ਲਾਭ ਸਬੰਧੀ ਸਮੀਖਿਆ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਸੌਲਿਡ ਵੇਸਟ ਮੈਨੇਜਮੈਂਟ ਤਹਿਤ ਵੱਧ ਤੋਂ ਵੱਧ ਬਾਇਓ ਗੈਸ ਪਲਾਂਟ ਸਥਾਪਤ ਕੀਤੇ ਜਾਣ ਤੇ ਪਿੰਡ ਮੱਗਰ ਵਿਖੇ ਸਥਾਪਤ ਪਲਾਂਟ ਨੂੰ ਫੌਰੀ ਚਾਲੂ ਕੀਤਾ ਜਾਵੇ। ਇਸ ਨਾਲ ਬਿਜਲੀ ਪੈਦਾ ਹੋਵੇਗੀ ਤੇ ਖਾਦ ਵੱਡੇ ਪੱਧਰ ਉੱਤੇ ਪਿੰਡਾਂ ਵਿਚ ਵਰਤੋਂ ਵਿਚ ਆਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਾਊਸ਼ਲਾਵਾਂ ਵਿਖੇ ਇਹ ਪਲਾਂਟ ਲਾਏ ਜਾਣ। ਉਹਨਾਂ ਨੇ ਐੱਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਪ੍ਰਾਈਵੇਟ ਗਾਊਸ਼ਾਲਵਾਂ ਨਾਲ ਰਾਬਤਾ ਕੀਤਾ ਜਾਵੇ ਤੇ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਬਾਇਓ ਗੈਸ ਪਲਾਂਟ ਲਾਏ ਜਾਣੇ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਕੂਲਾਂ ਸਬੰਧੀ ਵਿਕਾਸ ਕਾਰਜ ਜਲਦੀ ਨੇਪਰੇ ਚਾੜ੍ਹੇ ਜਾਣ। ਉਹਨਾਂ ਨੇ ਸਕੂਲ ਆਫ ਐਮੀਨੈਂਸ ਸਬੰਧੀ ਪ੍ਰਗਤੀ ਅਤੇ ਮਿਡ ਡੇਅ ਮੀਲ ਦਾ ਜਾਇਜ਼ਾ ਵੀ ਲਿਆ।ਆਸ਼ਿਕਾ ਜੈਨ (Deputy Commissioner Ashika Jain) ਨੇ ਅਧਿਕਾਰੀਆਂ ਨੂੰ ਪੀ.ਐਮ. ਪ੍ਰੋਗਰਾਮ ਸਬੰਧੀ ਯੋਜਨਾ ਤਿਆਰ ਕਰਨ ਲਈ ਕਿਹਾ, ਜਿਨ੍ਹਾਂ ਤਹਿਤ ਸਕੂਲ ਨੂੰ ਵੱਡੇ ਪੱਧਰ ਉੱਤੇ ਵਿਕਸਤ ਕੀਤਾ ਜਾਣਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਗਾਮੀ ਬਰਸਾਤੀ ਮੌਸਮ ਦੇ ਮੱਦੇਨਜ਼ਰ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਬਰਸਾਤੀ ਪਾਣੀ ਕਾਰਨ ਵਿਦਿਆਰਥੀਆਂ ਨੂੰ ਕਿਸੇ ਕਿਸਮ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਪਿੰਡਾਂ ਨੂੰ ਓ.ਡੀ.ਐਫ਼. ਕਰਨ ਸਬੰਧੀ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਤੇ ਕਿਹਾ ਕਿ ਇਸ ਸਬੰਧੀ ਕਾਰਜ ਜਲਦ ਤੋਂ ਜਲਦ ਪੂਰੇ ਕੀਤੇ ਜਾਣੇ ਯਕੀਨੀ ਬਣਾਏ ਜਾਣ। ਉਹਨਾਂ ਨੇ ਸਵੱਛ ਭਾਰਤ (ਰੂਰਲ) ਤਹਿਤ ਮਸ਼ੀਨਰੀ ਖਾਸਕਰ ਕੇ ਸੀਵਰੇਜ ਸਫ਼ਾਈ ਸਬੰਧੀ ਸੱਕਸ਼ਨ ਮਸ਼ੀਨਾਂ ਲੈਣ ਬਾਰੇ ਵਿਚਾਰ ਵਟਾਂਦਰਾ ਕੀਤਾ। ਪਿੰਡਾਂ ਸਬੰਧੀ ਵਿਸ਼ੇਸ਼ ਸੈਨੀਟੇਸ਼ਨ ਪਲਾਨ ਬਣਾਇਆ ਜਾਵੇ ਤੇ ਭਾਂਖਰਪੁਰ ਦੀ ਕੂੜੇ ਦੀ ਮੁਸ਼ਕਲ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਲਾਸਟਿਕ ਵੇਸਟ ਮੈਨੇਜਮੈਂਟ ਤਹਿਤ ਵੱਖੋ ਵੱਖੋ 04 ਪਲਾਂਟ ਅਤੇ 06 ਸੈਨੇਟਰੀ ਵੇਸਟ ਮੈਨੇਜਮੈਂਟ ਪਲਾਂਟ ਲਾਉਣ ਦਾ ਕੰਮ ਛੇਤੀ ਮੁਕੰਮਲ ਕੀਤਾ ਜਾਵੇ। ਲੀਕੁਇਡ ਵੇਸਟ ਮੈਨੇਜਮੈਂਟ ਤਹਿਤ ਸੋਕ ਪਿਟ ਬਣਾਉਣ ਸਮੇਤ ਵੱਖੋ ਵੱਖ ਉਪਰਾਲੇ ਕੀਤੇ ਜਾਣ। ਉਹਨਾਂ ਨੇ ਵੇਸਟ ਵਾਟਰ ਟਰੀਟਮੈਂਟ ਯੂਨਿਟ, ਵਾਟਰ ਸਟੈਬਲਾਈਜੇਸ਼ਨ ਪੌਂਡ/ ਡੀਸੈਂਟਰਲਾਈਜ਼ ਵੇਸਟ ਵਾਟਰ ਟਰੀਟਮੈਂਟ ਸਿਸਟਮਜ਼ ਸਬੰਧੀ ਸਮੀਖਿਆ ਵੀ ਕੀਤੀ। ਘਰਾਂ ਵਿਚ ਪਖਾਨੇ ਬਣਾਉਣ ਸਬੰਧੀ ਬਕਾਇਆ ਕਾਰਜ ਪੂਰੇ ਕੀਤੇ ਜਾਣ। ਉਹਨਾਂ ਨੇ ਐੱਸ.ਡੀ.ਐਮਜ਼ ਨੂੰ ਹਦਾਇਤ ਦਿੱਤੀ ਕਿ ਵਿਕਾਸ ਕਾਰਜਾਂ ਦੀ ਰੋਜ਼ਨਾ ਸਮੀਖਿਆ ਕੀਤੀ ਜਾਵੇ।
ਮੀਟਿੰਗ ਦੌਰਾਨ ਡੀ.ਸੀ. ਵਲੋਂ ਖੇਤੀਬਾੜੀ ਵਿਭਾਗ ਦੁਆਰਾ ਕਿਸਾਨਾਂ ਨੂੰ ਮਸ਼ੀਨਰੀ ਦੇਣ ਸਬੰਧੀ ਸਮੀਖਿਆ ਕੀਤੀ ਗਈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪ੍ਰੇਰਿਤ ਕਰ ਕੇ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਇਆ ਜਾਵੇ। ਇਸ ਦੇ ਨਾਲੋ ਨਾਲ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਬਾਬਤ ਜ਼ਿਲ੍ਹਾ ਪੱਧਰੀ ਤੇ ਬਲਾਕ ਪੱਧਰੀ ਯੋਜਨਾ ਤਿਆਰ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਾਈ ਜਾਣੀ ਯਕੀਨੀ ਬਣਾਈ ਜਾਵੇ।
ਮੀਟਿੰਗ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲ਼ੇ ਮਹੀਨੇ 1334 ਨੌਜਵਾਨਾਂ ਨੇ ਬਿਊਰੋ ਜ਼ਰੀਏ ਰੋਜ਼ਗਾਰ ਹਾਸਲ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ ਐੱਫ ਪੀ ਆਈਜ਼) ਤੇ ਪਟਵਾਰ ਸਕੂਲ ਦਾ ਦੌਰਾ ਕਰਨ ਤੇ ਲੋਕਾਂ ਨੂੰ ਇਸ ਬਾਬਤ ਜਾਗਰੂਕ ਕੀਤਾ ਜਾਵੇ। ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਗਤੀਵਿਧੀਆਂ ਦੀ ਸਮੀਖਿਆ ਤੋਂ ਇਲਾਵਾ ਵੱਖੋ ਵੱਖ ਵਿਭਾਗਾਂ ਦੇ ਕਾਰਜਾਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਅਵਨੀਤ ਕੌਰ, ਐੱਸ.ਡੀ.ਐਮ. ਮੋਹਾਲੀ ਸ਼੍ਰੀਮਤੀ ਸਰਬਜੀਤ ਕੌਰ, ਐੱਸ.ਡੀ. ਐਮ. ਡੇਰਾਬੱਸੀ ਹਿਮਾਂਸ਼ੂ ਗੁਪਤਾ, ਐੱਸ.ਡੀ.ਐਮ. ਖਰੜ ਰਵਿੰਦਰ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।