TheUnmute.com

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਘੋੜਸਵਾਰੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ

ਐੱਸ.ਏ.ਐੱਸ.ਨਗਰ, 28 ਅਕਤੂਬਰ 2023: ‘ਖੇਡਾਂ ਵਤਨ ਪੰਜਾਬ ਦੀਆ’ ਤਹਿਤ ਮੋਹਾਲੀ ਦੇ ਫੋਰੈਸਟ ਹਿੱਲ ਰਿਜ਼ੌਰਟ, ਕਰੌਰਾਂ ਵਿਖੇ ਕਰਵਾਏ ਘੋੜਸਵਾਰੀ (Equestrian competition) ਦੇ ਰਾਜ ਪੱਧਰੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਏ। ਇਸ ਮੌਕੇ ਜੇਤੂਆਂ ਨੂੰ ਤਗਮੇ ਦੇਣ ਦੀ ਰਸਮ ਖੇਡ ਮੰਤਰੀ, ਗੁਰਮੀਤ ਸਿੰਘ ਮੀਤ ਹੇਅਰ ਨੇ ਅਦਾ ਕੀਤੀ।

ਇਸ ਮੌਕੇ ਮੁੱਖ ਮੰਤਰੀ ਸ. ਭਗਵੰਤ ਮਾਨ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵਿਸ਼ੇਸ਼ ਤੌਰ ਉੱਤੇ ਪੁੱਜੇ। ਸਮਾਗਮ ਦੌਰਾਨ ਖੇਡ ਮੰਤਰੀ ਨੇ ਕਿਹਾ ਕਿ ਅੱਜ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਖਰੀ ਦਿਨ ਹੈ ਤੇ ਬਹੁਤ ਹੀ ਸੁਚੱਜੇ ਢੰਗ ਨਾਲ ਇਹ ਖੇਡਾਂ ਨੇਪਰੇ ਚੜ੍ਹੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 29 ਅਗਸਤ ਨੂੰ ਬਠਿੰਡਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦੀ ਸ਼ੁਰੂਆਤ ਕੀਤੀ ਗਈ ਸੀ।

ਖੇਡ ਮੰਤਰੀ ਨੇ ਦੱਸਿਆ ਕਿ ਇਹਨਾਂ ਖੇਡਾਂ (Equestrian competition) ਦਾ ਨਾਮ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਖੁਦ ਰੱਖਿਆ ਸੀ ਤੇ ਕਿਹਾ ਕਿ ਸੀ ਇਹਨਾਂ ਖੇਡਾਂ ਜ਼ਰੀਏ ਸੂਬੇ ਵਿਚ ਖੇਡ ਸੱਭਿਆਚਾਰ ਮੁੜ ਪੈਦਾ ਕੀਤਾ ਜਾਵੇ। ਖੇਡ ਮੰਤਰੀ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਵੇਲੇ ਵੀ ਖੇਡਾਂ ਹੁੰਦੀਆਂ ਸਨ ਪਰ ਉਹਨਾਂ ਵਿਚ ਕੁਝ ਕੁ ਹਜ਼ਾਰ ਖਿਡਾਰੀ ਸ਼ਾਮਲ ਹੁੰਦੇ ਸਨ। ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪਿਛਲੇ ਸਾਲ 29 ਖੇਡਾਂ ਵਿਚ 03 ਲੱਖ ਤੋਂ ਵੱਧ ਖਿਡਾਰੀ ਸ਼ਾਮਲ ਹੋਏ ਅਤੇ ਇਸ ਸਾਲ ਬਲਾਕ, ਜ਼ਿਲ੍ਹਾ ਤੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਅੱਠ ਉਮਰ ਵਰਗਾਂ ਵਿੱਚ 35 ਖੇਡਾਂ ਵਿੱਚ ਰਿਕਾਰਡ 04 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।

ਸੂਬਾ ਪੱਧਰੀ ਮੁਕਾਬਲਿਆਂ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ਉਤੇ ਆਉਣ ਵਾਲੇ ਜੇਤੂਆਂ ਨੂੰ ਕ੍ਰਮਵਾਰ 10000, 7000 ਤੇ 5000 ਰੁਪਏ ਇਨਾਮ ਵਿੱਚ ਦਿੱਤੇ ਜਾ ਰਹੇ ਹਨ। ਇਸ ਵਾਰ ਪਹਿਲੀ ਵਾਰ ਪੰਜ ਨਵੀਆਂ ਖੇਡਾਂ ਘੋੜਸਵਾਰੀ, ਰਗਬੀ, ਸਾਈਕਲਿੰਗ, ਵੁਸ਼ੂ, ਵਾਲੀਬਾਲ ਤੇ ਸ਼ੂਟਿੰਗ ਸ਼ਾਮਲ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਨਵੀਂ ਖੇਡ ਨੀਤੀ ਬਣਾਈ ਗਈ ਅਤੇ ਪਹਿਲੀ ਵਾਰ ਏਸ਼ੀਅਨ ਤੇ ਪੈਰਾ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲੈਣ ਵਾਲੇ 58 ਖਿਡਾਰੀਆਂ ਨੂੰ ਅੱਠ ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਗਏ। ਪੰਜਾਬ ਦੇ 32 ਖਿਡਾਰੀਆਂ ਨੇ 72 ਸਾਲ ਦੇ ਰਿਕਾਰਡ ਤੋੜਦਿਆਂ 8 ਸੋਨ, 6 ਚਾਂਦੀ ਤੇ 6 ਕਾਂਸੀ ਦੇ ਤਮਗਿਆਂ ਨਾਲ ਕੁੱਲ 20 ਤਮਗ਼ੇ ਜਿੱਤੇ।

ਖੇਡ ਮੰਤਰੀ ਨੇ ਦੱਸਿਆ ਕਿ 1951 ਵਿਚ ਏਸ਼ਿਆਈ ਖੇਡਾਂ ਵਿਚ 15 ਮੈਡਲ ਆਏ ਸਨ ਤੇ ਉਦੋਂ 06 ਦੇਸ਼ਾਂ ਨੇ ਹਿੱਸਾ ਲਿਆ ਸੀ। ਇਸ ਵਾਰ 50 ਦੇਸ਼ ਖੇਡੇ ਹਨ ਤੇ 20 ਮੈਡਲ ‘ਕੱਲੇ ਪੰਜਾਬ ਦੇ ਆਏ ਹਨ, ਜਿਹੜੀ ਕਿ ਮਾਣ ਵਾਲੀ ਗੱਲ ਹੈ। ਖੇਡ ਮੰਤਰੀ ਨੇ ਆਖਿਆ ਕਿ ਘੋੜ ਸਵਾਰੀ ਸਾਨੂੰ ਗੁਰੂ ਸਾਹਿਬ ਵਲੋਂ ਬਖਸ਼ਸੀ ਗਈ ਹੈ ਤੇ ਸੂਬੇ ਵਿਚ ਖੇਡ ਸੱਭਿਆਚਾਰ ਪ੍ਰਫੁਲਤ ਕਰਨ ਲਈ ਉਪਰਾਲੇ ਜਾਰੀ ਰਹਿਣਗੇ। ਸਰਕਾਰ ਦਾ ਟੀਚਾ ਹੈ ਕਿ ਪੰਜਾਬ ਨੂੰ ਖੇਡਾਂ ਵਿਚ ਪਹਿਲੇ ਨੰਬਰ ਉੱਤੇ ਲੈ ਕੇ ਆਉਣਾ ਹੈ। ਪੰਜਾਬ ਨੇ ਸਦਾ ਹੀ ਵੱਡੇ ਖਿਡਾਰੀ ਪੈਦਾ ਕੀਤੇ ਹਨ।

ਸਰਕਾਰ ਹਰ ਸਹੂਲਤ ਪੰਜਾਬ ਦੇ ਖਿਡਾਰੀਆਂ ਨੂੰ ਦੇਵੇਗੀ। ਖੇਡ ਮੰਤਰੀ ਨੇ ਕਿਹਾ ਕਿ ਘੋੜ ਸਵਾਰੀ ਇਸ ਸਾਲ ਦੇ ‘ਖੇਡਾਂ ਵਤਨ ਪੰਜਾਬ ਦੀਆ’ ਐਡੀਸ਼ਨ ਦਾ ਆਖ਼ਰੀ ਸਮਾਗਮ ਹੈ, ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਰਾਜ ਪੱਧਰੀ ਖੇਡਾਂ ਦਾ ਸਮਾਪਤੀ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਐਡੀਸ਼ਨ ਨੂੰ ਹਰ ਉਮਰ ਖੇਤਰ ‘ਚੋਂ ਭਾਰੀ ਸਮਰਥਨ ਮਿਲਿਆ ਹੈ।

ਇਸ ਮੌਕੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਮਾਲਵਿੰਦਰ ਸਿੰਘ ਕੰਗ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਅਮੀਤ ਸਿੰਘ ਖੁੱਡੀਆਂ ਦਾ ਸਨਮਾਨ ਕੀਤੇ ਜਾਣ ਦੇ ਨਾਲ ਨਾਲ ਜਿਊਰੀ ਮੈਂਬਰ ਕਰਨਲ ਸਰਪਰਤਪ ਸਿੰਘ, ਕੈਪਟਨ ਪਲਵਿੰਦਰ ਸਿੰਘ, ਦੀਪਇੰਦਰ ਬਰਾੜ, ਹਰਮਨ ਖਹਿਰਾ, ਹਰਜਿੰਦਰ ਸਿੰਘ ਦਾ ਤਕਨੀਕੀ ਸਹਿਯੋਗ ਲਈ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ, ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਕੁਮਾਰ ਗਰਗ, ਵਧੀਕ ਡਿਪਟੀ ਕਮਿਸ਼ਨਰ ਵੀ. ਐੱਸ. ਤਿੜਕੇ, ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਦਰਸ਼ਕ ਤੇ ਘੋੜਸਵਾਰ ਸ਼ਾਮਲ ਸਨ।

Exit mobile version