Harpal Singh Cheema

ਸਕੂਲਾਂ ‘ਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਤੇ ਅਧਿਆਪਕਾਂ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ: ਹਰਪਾਲ ਚੀਮਾ

ਦਿੜ੍ਹਬਾ/ਸੰਗਰੂਰ 03 ਸਤੰਬਰ 2022: ਪੰਜਾਬ ਦੇ ਵਿੱਤ, ਯੋਜਨਾ, ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏ ਧਰਾਨਾ ਸ਼ਾਦੀਹਰੀ ਦੇ ਨਵੇਂ ਬਣੇ ਕਮਰਿਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਹਰੀਆਂ ਵਿਖੇ ਸਾਇੰਸ ਲੈਬ ਅਤੇ ਲਾਇਬ੍ਰੇਰੀ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ।

ਇਸ ਮੌਕੇ ਸਕੂਲੀ ਵਿਦਿਆਰਥੀਆਂ ਸਮੇਤ ਹੋਰ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸਿੱਖਿਆ ਨੂੰ ਤਰਜੀਹੀ ਖੇਤਰ ਵਜੋਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਉਦੇਸ਼ ਤਹਿਤ ਸਰਕਾਰੀ ਸਕੂਲਾਂ ਨੂੰ ਆਲ੍ਹਾ ਦਰਜੇ ਦੇ ਸਕੂਲਾਂ (ਸਕੂਲ ਆਫ਼ ਐਮੀਨੈਂਸ) ਵਜੋਂ ਤਬਦੀਲ ਕਰਨ ਦੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬੇਮਿਸਾਲ ਤਬਦੀਲੀਆਂ ਲਿਆਉਣ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪੂਰਤੀ ਹਿੱਤ ਜਿਥੇ ਵੀ ਕੋਈ ਘਾਟ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਜਲਦ ਹੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਗੈਰ ਅਧਿਆਪਨ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਲਈ ਵੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨਾਨ ਮੈਡੀਕਲ, ਮੈਡੀਕਲ ਜਾਂ ਕਾਮਰਸ ਦੇ ਦਾਖਲੇ ਲਈ ਬਹੁ ਗਿਣਤੀ ਵਿਦਿਆਰਥੀ ਚਾਹਵਾਨ ਹਨ ਤਾਂ ਅਜਿਹੇ ਸਕੂਲਾਂ ਵਿੱਚ ਆਰਟਸ ਦੇ ਨਾਲ ਨਾਲ ਇਹ ਵਿਸ਼ੇ ਲਿਆਉਣ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾਣਗੇ।

ਇਸ ਮੌਕੇ ਰਾਏਧਰਾਨਾ ਸ਼ਾਦੀਹਰੀ ਸਕੂਲ ਦੇ ਪ੍ਰਬੰਧਕਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਸ੍ਰੀ ਚੀਮਾ ਨੇ ਕਿਹਾ ਕਿ ਹਲਕਾ ਦਿੜ੍ਹਬਾ ਦੇ ਸਕੂਲਾਂ ਦਾ ਕਾਇਆ ਕਲਪ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਐੱਸ ਡੀ ਐੱਮ ਰਾਜੇਸ਼ ਸ਼ਰਮਾ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

Scroll to Top