ਅੰਮ੍ਰਿਤਸਰ 14 ਦਸੰਬਰ 2022 : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਿੱਖ ਭਾਈਚਾਰੇ ਲਈ ਵੱਡਾ ਫੈਸਲਾ ਦਿੱਤਾ ਹੈ | ਪਾਕਿਸਤਾਨ ਵਿੱਚ ਮਰਦਮਸ਼ੁਮਾਰੀ ਵੇਲੇ ਹੁਣ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਤੇ ਭਾਈਚਾਰਾ ਮੰਨਿਆ ਜਾਵੇਗਾ। ਮਰਦਮਸ਼ੁਮਾਰੀ ਫਾਰਮ ਵਿੱਚ ਸਿੱਖਾਂ ਦੀ ਗਿਣਤੀ ਵਾਸਤੇ ਸਿੱਖ ਭਾਈਚਾਰੇ ਨੂੰ ਵੱਖਰੇ ਖਾਨੇ ਵਿੱਚ ਦਰਜ ਕੀਤਾ ਜਾਵੇਗਾ।ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੇ 5 ਸਾਲ ਦੀ ਲੰਮੀ ਕਾਨੂੰਨੀ ਲੜਾਈ ਲੜਨ ਮਗਰੋਂ ਇਹ ਹੱਕ ਪ੍ਰਾਪਤ ਕੀਤਾ ਹੈ | ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ |
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਾਕਿਸਤਾਨ ਅੰਦਰ ਮਰਦਮਸ਼ੁਮਾਰੀ ਦੇ ਫਾਰਮ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕਰਨਾ ਪ੍ਰਸ਼ੰਸਾਯੋਗ ਕਦਮ ਹੈ | ਕਿਹਾ ਕਿ ਪਾਕਿਸਤਾਨ ਅੰਦਰ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਲੰਮੇ ਅਰਸੇ ਬਾਅਦ ਮਾਨਤਾ ਮਿਲਣਾ ਪੂਰੀ ਕੌਮ ਲਈ ਬਹੁਤ ਖੁਸ਼ੀ ਦੀ ਗੱਲ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਸ ਨਾਲ ਪਾਕਿਸਤਾਨ ਵੱਸਦੇ ਸਿੱਖਾਂ ਦੇ ਮੁੱਢਲੇ ਅਧਿਕਾਰਾਂ ਅਤੇ ਵੱਖ-ਵੱਖ ਥਾਵਾਂ ’ਤੇ ਪ੍ਰਤੀਨਿਧਤਾ ਲਈ ਫਾਇਦਾ ਮਿਲੇਗਾ |
ਸਿੱਖ ਭਾਈਚਾਰੇ ਨੂੰ ਇਹ ਮਾਨਤਾ ਮਿਲਣ ਨਾਲ ਦੇਸ਼ ਅੰਦਰ ਸਿੱਖਾਂ ਦੇ ਸਹੀ ਅੰਕੜੇ ਬਾਰੇ ਵੀ ਸਪੱਸ਼ਟਤਾ ਬਣੇਗੀ। ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆਂ ਵਿਚ ਸਿੱਖਾਂ ਨੇ ਆਪਣੀ ਵੱਖਰੀ ਪਛਾਣ ਨਾਲ ਵੱਡੇ ਮੁਕਾਮ ਹਾਸਲ ਕੀਤੇ ਹਨ ਅਤੇ ਸਿੱਖਾਂ ਨੂੰ ਉਨ੍ਹਾਂ ਦੀ ਪਛਾਣ ਸਹਿਤ ਹਰ ਦੇਸ਼ ਨੂੰ ਪ੍ਰਵਾਨ ਕਰਨਾ ਜ਼ਰੂਰੀ ਹੈ।