ਚੰਡੀਗੜ੍ਹ 28 ਦਸੰਬਰ 2022: ਜੰਮੂ ਸ਼ਹਿਰ ਨਾਲ ਲੱਗਦੇ ਸਿੱਧਰਾ (Sidhra) ਇਲਾਕੇ ‘ਚ ਬੁੱਧਵਾਰ ਤੜਕੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਇਸ ਮੁਕਾਬਲੇ ‘ਚ ਚਾਰ ਅੱਤਵਾਦੀ ਮਾਰੇ ਗਏ ਹਨ। ਪੁਲਿਸ, ਸੀਆਰਪੀਐਫ ਅਤੇ ਸੈਨਾ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਫਿਲਹਾਲ ਸਬੰਧਿਤ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਿੱਧਰਾ ‘ਚ ਪੁਲਿਸ ਚੌਕੀ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ।
ਜੰਮੂ ਜ਼ੋਨ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਮੁਕੇਸ਼ ਸਿੰਘ ਨੇ ਦੱਸਿਆ ਕਿ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਸਿੱਧਰਾ (Sidhra) ਬਾਈਪਾਸ ਇਲਾਕੇ ‘ਚ ਤਵੀ ਪੁਲ ਨੇੜੇ ਸੰਘਣੀ ਧੁੰਦ ਦਰਮਿਆਨ ਸਵੇਰੇ ਤੜਕੇ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ। ਇਸ ‘ਚ ਚਾਰ ਅੱਤਵਾਦੀ ਮਾਰੇ ਗਏ ਹਨ। ਉਸ ਨੇ ਦੱਸਿਆ ਕਿ ਅੱਤਵਾਦੀ ਟਰੱਕ ਵਿੱਚ ਲੁਕੇ ਹੋਏ ਸਨ ਅਤੇ ਜੰਮੂ ਤੋਂ ਕਸ਼ਮੀਰ ਵੱਲ ਜਾ ਰਹੇ ਸਨ। ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 6 ਦਸੰਬਰ ਦੀ ਦੇਰ ਰਾਤ ਨੂੰ ਸਿੱਧਰਾ ਪੁਲ ਨੇੜੇ ਪੁਲਿਸ ਚੌਕੀ ‘ਤੇ ਅੱਤਵਾਦੀਆਂ ਨੇ ਗ੍ਰੇਨੇਡ ਸੁੱਟਿਆ ਸੀ। ਇਹ ਹਮਲਾ ਪੁਲ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਹਾਲਾਂਕਿ, ਹਮਲਾਵਰ ਖੁੰਝ ਗਏ ਅਤੇ ਗ੍ਰਨੇਡ ਨੇੜਲੇ ਬਿਜਲੀ ਦੇ ਖੰਭੇ ਅਤੇ ਇੱਕ ਦਰੱਖਤ ਦੇ ਵਿਚਕਾਰ ਆ ਗਿਆ।