ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਜਤਿੰਦਰ ਸ਼ੰਟੀ ਦੇ ਮੁੰਡੇ ਨੇ ਕਿਉਂ ਮੰਗੀ ਮੁਆਫ਼ੀ ? ਪੜ੍ਹੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ, 8 ਐਤਵਾਰ 2022 : ਪਿਛਲੇ ਦਿਨੀਂ ਜਤਿੰਦਰ ਸ਼ੰਟੀ ਦੇ ਮੁੰਡੇ ਦੀ ਵੀਡੀਓ ਸੋਸ਼ਲ ਮੀਡਿਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਹੈ, ਉਸ ਵੀਡੀਓ ‘ਚ ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਗ਼ਲਤ  ਵਿਆਖਿਆ ਕਰਦੇ ਨਜ਼ਰ ਆਉਂਦੇ ਆ |

ਜਿਸ ਤੋਂ ਬਾਅਦ ਲੋਕਾਂ ਵੱਲੋਂ ਵਾਇਰਲ ਵੀਡੀਓ ਨੂੰ ਲੈ ਕੇ ਵੱਖ-ਵੱਖ  ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਤੇ ਇਸੇ ਦੇ ਚਲਦਿਆਂ “ਦਾ ਅਨਮਿਊਟ” ਦੇ Sr Executive Editor ਹਰਪ੍ਰੀਤ ਸਿੰਘ ਕਾਹਲੋਂ ਲਿਖਦੇ ਨੇ ਕਿ

ਸਿੱਖ ਧਰਮ ਨੂੰ ਵਾਰ ਵਾਰ ਹਿੰਦੂਆਂ ਦਾ ਹਿੱਸਾ ਕਹਿ ਭੜਕਾਉਣ ਦੀ ਬਦਤਮੀਜ਼ੀ ਕਿਉਂ ? 

“ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥”
ਇਸ ਨਜ਼ਰੀਏ ਤੋਂ ਅਸੀਂ ਸਭ ਦੇ ਹਾਂ। ਪਰ ਜਿਹੜੇ ਨਜ਼ਰੀਏ ਤੋਂ ਤੁਸੀਂ ਇਤਰਾਜ਼ ਭਰੀਆਂ ਹਰਕਤਾਂ ‘ਤੇ ਉੱਤਰਦੇ ਹੋ,ਉਸ ਨਜ਼ਰੀਏ ਤੋਂ ਇਹ ਮਾਹੌਲ ਖਰਾਬ ਕਰਨ ਦੀ ਜੁਰੱਅਤ ਹੁੰਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਜ਼ਰੀਏ ਨੂੰ ਤੋੜ ਮਰੋੜ ਕੇ ਜਦੋਂ ਕੁਝ ਧਿਰਾਂ ਪੇਸ਼ ਕਰਕੇ ਕਹਿ ਦਿੰਦੀਆਂ ਨੇ ਕਿ ਹਿੰਦੂਆਂ ਦੇ ਉਹ ਰਾਖੇ ਬਣੇ ਨਹੀਂ ਤਾਂ ਸਭ ਮੁਸਲਮਾਨ ਹੋ ਜਾਣੇ ਸਨ ਤਾਂ ਇਹ ਸਮਝਨਾ ਜ਼ਰੂਰੀ ਹੈ ਕਿ ਜੇ ਹਿੰਦੂ ਤਾਕਤ ‘ਚ ਹੁੰਦੇ ਤੇ ਮੁਸਲਮਾਨ ਫਰਿਆਦ ਲੈਕੇ ਆਉਂਦੇ ਤਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨ ਹੁੰਦੇ | ਪਰ ਇਹਨਾਂ ਦਿਨਾਂ ਵਿਚ ਪਦਮ ਸ੍ਰੀ ਜਤਿੰਦਰ ਸ਼ੰਟੀ ਦਾ ਮੁੰਡਾ ਗਲਤ ਵਿਆਖਿਆ ਕਰ ਰਿਹਾ ਹੈ, ਇਹ ਬੇਹੱਦ ਬਦਤਮੀਜ਼ੀ ਹੈ।

ਇਹ ਨਜ਼ਰੀਆ ਹਿੰਦੂ ਦੇ ਹੱਕ ‘ਚ ਭੁਗਤਨ ਜਾਂ ਮੁਸਲਮਾਨਾਂ ਦੇ ਵਿਰੋਧ ‘ਚ ਜਾਣ ਦਾ ਨਹੀਂ ਸੀ । ਇਹ ਸੀ ਕੁਦਰਤ ਦੇ ਅਜ਼ਾਦ ਸੁਭਾਅ ਦਾ ਅਜ਼ਾਦ ਖਿਆਲ ਦੀ ਸਲਾਮਤੀ ਦਾ ਕਿ ਬੰਦੇ ਦੀ ਇੱਛਾ ਦੇ ਉਲਟ ਕੋਈ ਖਾਸ ਤਾਕਤ ਕਿਵੇਂ ਖਾਣ ਪਾਣ ਰਹਿਣ ਸਹਿਣ ਜਿਊਣ ਦੇ ਅਸੂਲ ਤੈਅ ਕਰ ਸਕਦੀ ਹੈ ।

ਇਹ ਨਜ਼ਰੀਆ ਸਹੀ ਤੇ ਗਲਤ ਦੀ ਗੱਲ ਨੂੰ ਨਿਖੇੜਨ ਦਾ ਅਤੇ ਜ਼ੁਲਮ ਜ਼ਬਰ ਦੇ ਖਿਲਾਫ ਬੋਲੇ ਅੰਨ੍ਹੇ ਗੂੰਗੇ ਨਾ ਹੋ ਜਾਤ ਪਾਤ ਧਰਮ ਰੰਗ ਨਸਲ ਤੋਂ ਪਾਰ ਬੰਦੇ ਦਾ ਬੰਦੇ ਲਈ ਖੜ੍ਹੇ ਹੋਣ ਦਾ ਫੈਸਲਾ ! ਇਹ ਸੀ ਕਿ ਆਪਣੇ ਧਰਮ ਤੋਂ ਬਾਹਰ ਦੂਜੇ ਧਰਮ ਨਾਲ ਹਜ਼ਾਰਾਂ ਮਤਭੇਦ ਹੋਣ ਦੇ ਬਾਵਜੂਦ ਮਨੁੱਖਤਾ ਅਤੇ ਕੁਦਰਤੀ ਵਰਤਾਰੇ ਦੀ ਆਤਮਾ ਨੂੰ ਸਮਝਣ ਦਾ ਅਹਿਸਾਸ !

ਸੋ ਮੁਸਲਮਾਨਾਂ ਦੇ ਖਿਲਾਫ ਇਤਿਹਾਸ ਨੂੰ ਜਤਾਕੇ ਤੇ ਹਿੰਦੂ ਸਿੱਖ ਏਕਤਾ ਜੇ ਕਹੀ ਵੀ ਜਾਓ ਤਾਂ ਅਜਿਹੀ ਏਕਤਾ ਕੋਈ ਮਾਇਨੇ ਨਹੀਂ ਰੱਖਦੀ ਕਿਉਂ ਕਿ ਗੁਰੂ ਸਾਹਬ ਦੀ ਸ਼ਹੀਦੀ ਵੱਡੇ ਵਰਤਾਰੇ ‘ਚ ਸੀ ਅਤੇ ਤੁਹਾਡੀ ਵਿਆਖਿਆ ਬਹੁਤ ਛੋਟੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਭਗਤ ਕਬੀਰ, ਰਵੀਦਾਸ, ਨਾਮਦੇਵ ਦੀ ਬਾਣੀ ਹੈ ਤਾਂ ਭਾਈ ਮਰਦਾਨਾ, ਭਗਤ ਭੀਖਨ,ਬਾਬਾ ਫਰੀਦ ਜੀ ਵੀ ਹਨ ਸਿੱਖ ਦੇ ਰੂਪ ਵਿੱਚ ਇਹ ਵਰਤਾਰਾ ਪਹਿਲਾਂ ਤੋਂ ਤੁਰੀਆਂ ਰਵਾਇਤਾਂ ਤੋਂ ਉਲਟ ਮਹੁੱਬਤੀ ਕਲਾਵਿਆਂ ਦਾ ਸੰਗ੍ਰਹਿ ਵੀ ਸੀ।

ਇੱਥੇ ਮੁਗਲ ਹਾਕਮਾਂ ਨਾਲ ਆਡਾ ਰਿਹਾ ਹੈ ਤਾਂ ਗੰਗੂ ਬ੍ਰਾਹਮਣ,ਹਿੰਦੂ ਬਾਈਧਾਰ ਪਹਾੜੀ ਰਾਜਿਆਂ ਨਾਲ ਵੀ ਸਬੰਧ ਸੁਖਾਵੇਂ ਨਹੀਂ ਰਹੇ। ਇਹ ਹਾਕਮਾਂ ਦੀ ਸ਼ਨਾਖਤ ਹੈ। ਇਹ ਹਿੰਦੂ ਅਤੇ ਮੁਸਲਮਾਨ ਦੀ ਕਿਰਦਾਰਕੁਸ਼ੀ ਨਹੀਂ ਸੀ। ਗੁਰੂ ਸਾਹਬ ਨਾਨਕ ਪਾਤਸ਼ਾਹ ਦਾ ਸਾਥੀ ਭਾਈ ਮਰਦਾਨਾ ਮੁਸਲਮਾਨ ਸੀ ਜੋ ਗੁਰੂ ਦਾ ਸਿੱਖ ਹੋ ਗਿਆ। ਸਾਖੀਆਂ ਵਿੱਚ ਹੈ ਕਿ ਬੇਬੇ ਨਾਨਕੀ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਸਿੱਖ ਅਤੇ ਬਾਬਾ ਮਰਦਾਨਾ ਗੁਰੂ ਸਾਹਿਬ ਦਾ ਦੂਜਾ ਸਿੱਖ ਹੋ ਗਿਆ। ਫਿਰ ਇਹ ਸਿਲਸਿਲਾ ਤੁਰਿਆ। ਭਾਂਵੇ ਕਿ ਵੱਡੇ ਵਰਤਾਰਿਆਂ ਵਿਚ ਇਹ ਗਿਣਤੀ ਮਿਣਤੀ ਤੋਂ ਪਰ੍ਹਾਂ ਦੀ ਗੱਲ ਹੈ।

ਸਿੱਖ ਫਲਸਫ਼ੇ ਵਿਚ ਧਰਮ ਦੀ ਸਮਝ ਅਗੰਮੀ ਮਾਹੌਲ ਦੀ ਹੈ। ਸਿੱਖ ਇਤਿਹਾਸ ਪੱਖ ਤੋਂ ਵੀ ਸਿੱਖੀ ਹਿੰਦੂ ਅਤੇ ਮੁਸਲਮਾਨ ਨਾਲ ਬਿਨਾਂ ਧਾਰਮਿਕ ਪਛਾਣ ਤੋਂ ਸਾਂਝੀਵਾਲਤਾ ਹੈ। ਪਰ ਸਿੱਖ ਹਿੰਦੂ ਦਾ ਚੌਂਕੀਦਾਰ ਨਹੀਂ ਹੈ ਜਿਵੇਂ ਕਿ ਪੇਸ਼ ਕੀਤਾ ਜਾਂਦਾ ਹੈ।

ਮੈਂ ਫਿਰ ਬਿਆਨ ਕਰਦਾਂ ਹਾਂ ਕਿ ਇਹ ਮਸਲਾ ਹੈ ਨਿਮਾਣੇ ਨਿਤਾਣੇ ਨਾਲ ਖੜ੍ਹਣ ਦਾ, ਫਿਰ ਚਾਹੇ ਕੋਈ ਤਾਨਾਸ਼ਾਹ ਹਿੰਦੂ ਹੋਵੇ ਜਾਂ ਮੁਸਲਮਾਨ ਜਾਂ ਕੋਈ ਵੀ ਹੋਰ ਹੋਵੇ। ਸੋ ਇਹ ਚੁਸਤ ਚਲਾਕੀਆਂ ਨਾਲ ਸਿੱਖਾਂ ਨੂੰ ਕਿਸੇ ਧਰਮ ਦਾ ਦਰਬਾਨ ਨਾ ਮੰਨੋ। ਸਿੱਖ ਨਿਮਾਣੇ ਨਿਤਾਣੇ ਦੇ ਨਾਲ ਖੜ੍ਹੇਗਾ ਫਿਰ ਚਾਹੇ ਉਹ ਹਿੰਦੂ ਹੋਵੇ ਜਾਂ ਮੁਸਲਮਾਨ ਹੋਵੇ।

ਆਪਣੀ ਸੌੜੀ ਸਿਆਸਤ ਆਪਣੇ ਕੋਲ ਰੱਖੋ। ਗੁਰੂ ਦੇ ਵਿਹੜੇ ਵਿੱਚ ਭਾਈ ਮਰਦਾਨਾ,ਦੀਵਾਨ ਟੋਡਰ ਮੱਲ,ਪੀਰ ਬੁੱਧੂਸ਼ਾਹ ਬਰਾਬਰ ਸਾਹ ਲੈਂਦੇ ਹਨ। ਸਿੱਖ ਆਜ਼ਾਦ ਹਸਤੀ ਹੈ ਅਤੇ ਵੱਖਰਾ ਧਰਮ ਹੈ।

ਸਿੱਖੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਪਰ ਆਪਣੀਆਂ ਜੁਗਾਲੀਆਂ ਵਿਚ ਸਿੱਖ ਨੂੰ ਹਿੰਦੂ ਦਾ ਰਾਖਾ ਅਤੇ ਮੁਸਲਮਾਨ ਦਾ ਦੁਸ਼ਮਣ ਨਾ ਬਣਾਓ। ਜਤਿੰਦਰ ਸਿੰਘ ਸ਼ੰਟੀ ਅਤੇ ਉਹਨਾਂ ਦੇ ਪੁੱਤਰ ਨੂੰ ਦੁਬਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਅਤੇ ਇਤਿਹਾਸ ਪੜ੍ਹਣਾ ਚਾਹੀਦਾ ਹੈ।

ਜਤਿੰਦਰ ਸਿੰਘ ਸ਼ੰਟੀ ਨੂੰ ਇਹ ਇਤਿਹਾਸ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਫਰਜ਼ੰਦ ਬਾਬਾ ਰਾਮ ਰਾਏ ਨੇ ਬਾਦਸ਼ਾਹ ਦਿੱਲੀ ਨੂੰ ਗੁਰਬਾਣੀ ਦੀ ਗਲਤ ਵਿਆਖਿਆ ਕੀਤੀ ਸੀ ਤਾਂ ਗੁਰੂ ਸਾਹਿਬ ਕੋਲ ਉਹ ਵੀ ਬਖਸ਼ਣਯੋਗ ਨਹੀਂ ਸਨ।ਇਤਿਹਾਸ ਨੂੰ ਤੁਸੀਂ ਖਾਸ ਧਿਰ ਨੂੰ ਖੁਸ਼ ਕਰਨ ਲਈ ਗਲਤ ਵਿਆਖਿਆ ਨਾ ਕਰੋ।

ਪਿਆਰਿਓ ਧਰਮ ਦੇ ਅਹਿਸਾਸ ਨੂੰ ਸਮਝੋ

ਹਿੰਦੂ ਸਿੱਖ ਮੁਸਲਮਾਨਾਂ ਦੇ ਘਿਓ ਖਿਚੜ ਰਿਸ਼ਤੇ ਤਾਂ ਦੀਵਾਨ ਟੋਡਰ ਮੱਲ ਤੋਂ ਲੈਕੇ ਪੀਰ ਬੁੱਧੂ ਸ਼ਾਹ, ਗ਼ਨੀ ਖ਼ਾਂ ਨਬੀ ਖ਼ਾਂ ਤੱਕ ਹਵਾਲਿਆਂ ‘ਚ ਹਨ। ਪਰ ਜੋ ਰਾਇਤਾ ਤੁਸੀ ਫੈਲਾ ਜੋ ਕਹਿਣ ਦੀ ਕੌਸ਼ਿਸ਼ ਕਰ ਰਹੇ ਹੋ ਉਸ ‘ਚ ਨਜ਼ਰੀਆ ਪਵਿੱਤਰ ਨਹੀਂ ਤੁਹਾਡਾ ….ਬਾਕੀ ਜੀ ਰੱਬ ਰਾਖਾ

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਲੋਗਾ ਭਰਮਿ ਨ ਭੂਲਹੁ ਭਾਈ ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥
ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥

ਪ੍ਰਭਾਤੀ ॥(ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ )

ਫਿਲਹਾਲ ਇਹ ਸੋਹਣੀ ਗੱਲ ਹੈ ਕਿ ਜਤਿੰਦਰ ਸਿੰਘ ਸ਼ੰਟੀ ਦੇ ਸਪੁੱਤਰ ਨੇ ਆਪਣੀ ਗਲਤੀ ਸੁਧਾਰ ਮਾਫੀ ਮੰਗੀ ਹੈ। ਇਹ ਸਮਝਣ ਵਾਲੀ ਗੱਲ ਹੈ ਕਿ ਸਾਡੀ ਲੜਾਈ ਮੁਗਲ ਹਕੂਮਤ ਨਾਲ ਸੀ। ਮੁਸਲਮਾਨ ਨਾਲ ਨਹੀਂ। ਸਾਡੀ ਦੁਸ਼ਮਣੀ ਗਊ ਦੀ ਸਹੁੰ ਖਾਕੇ ਮੁਕਰਣ ਵਾਲੇ ਹਿੰਦੂ ਪਹਾੜੀ ਰਾਜਿਆਂ ਨਾਲ ਸੀ ਹਿੰਦੂ ਨਾਲ ਨਹੀਂ। ਕਿਉਂ ਕਿ ਇਹ ਧਰਮ ਦੇ ਇਨਸਾਫ਼ ਦੀ ਗੱਲ ਸੀ। ਨਿਮਾਣੇ ਨਿਤਾਣੇ ਨਾਲ ਖੜ੍ਹਦਿਆਂ ਜੁਲਮ ਜਬਰ ਖਿਲਾਫ ਸ਼ਹੀਦੀਆਂ ਪਾਉਣ ਅਤੇ ਜੂਝਣ ਦੀ ਗਾਥਾ ਸੀ।

ਹਾਲਾਂਕਿ ਹੁਣ ਜਤਿੰਦਰ ਸ਼ੰਟੀ ਤੇ ਉਸਦੇ ਮੁੰਡੇ ਵੱਲੋਂ ਮੁਆਫ਼ੀ ਮੰਗ ਲਈ ਗਈ ਹੈ, ਕਿ ਉਨ੍ਹਾਂ ਜੋ ਵੀ ਕਿਹਾ ਉਹ ਗ਼ਲਤ ਸੀ ਤੇ ਆਪਣੀ ਇਸ ਭੁੱਲ ਦੇ ਲਈ ਸ੍ਰੀ ਦਰਬਾਰ ਸਾਹਿਬ ਜਾ ਕੇ ਵੀ ਮੁਆਫੀ ਮੰਗਣਗੇ |

ਕੌਣ ਹੈ ਜਤਿੰਦਰ ਸ਼ੰਟੀ ? 

ਕੋਰੋਨਾ ਕਾਲ ਦੌਰਾਨ ਜਤਿੰਦਰ ਸ਼ੰਟੀ ਨੇ ਹਜ਼ਾਰਾਂ ਦੀ ਗਿਣਤੀ ‘ਚ ਲਾਵਾਰਿਸ ਲਾਸ਼ਾ ਦਾ ਅੰਤਿਮ ਸਸਕਾਰ ਕੀਤਾ, ਜਿਸ ਦੇ ਲਈ ਉਨ੍ਹਾਂ ਨੂੰ  ਰਾਸ਼ਟਰਪਤੀ ਵਲੋਂ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਜਤਿੰਦਰ ਸਿੰਘ ਸ਼ੰਟੀ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸੰਸਥਾਪਕ ਨੇ ਪਦਮ ਸ੍ਰੀ ਪੁਰਸਕਾਰ ਮਿਲਣ ਤੋਂ ਬਾਅਦ ਉਹਨਾਂ ਕਿਹਾ ਕਿ ਭਗਤ ਸਿੰਘ ਨੇ 23 ਸਾਲ ਦੀ ਉਮਰ ‘ਚ ਦੇਸ਼ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ ਅਤੇ ਮੈਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਕੰਮ ਕਰ ਰਿਹਾ ਹਾਂ |

ਵੀਡਿਓ ਵੇਖਣ ਲਈ ਕਲਿੱਕ ਕਰੋ 

ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਜਤਿੰਦਰ ਸ਼ੰਟੀ ਦੇ ਮੁੰਡੇ ਨੇ ਕਿਉਂ ਮੰਗੀ ਮੁਆਫ਼ੀ ?

ਜਤਿੰਦਰ ਸ਼ੰਟੀ ਦੇ ਮੁੰਡੇ ਦੀ ਵਾਇਰਲ ਵੀਡੀਓ ਬਾਰੇ ਕੀ ਕਹਿੰਦੇ ਨੇ ਸੀਨੀਅਰ ਪੱਤਰਕਾਰ

 

Scroll to Top