Kapurthala

ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਹੁਣ ਕਪੂਰਥਲਾ ਦੇ ਇਸ ਪਿੰਡ ‘ਚ ਹੋਈ ਬੇਅਦਬੀ ਦੀ ਕੋਸ਼ਿਸ਼

ਕਪੂਰਥਲਾ 19ਦਸੰਬਰ 2021 : ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਬੇਅਦਬੀ ਦੀ ਮੰਦਭਾਗੀ ਘਟਨਾ ਵਾਪਰੀ ਸੀ, ਜਿਸ ਨੇ ਸਿੱਖਾਂ ਦੇ ਨਾਲ-ਨਾਲ ਪੰਜਾਬ ਦੇ ਸਾਰੇ ਵਰਗਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੰਮ੍ਰਿਤਸਰ ਤੋਂ ਬਾਅਦ ਅੱਜ ਮੁੜ ਕਪੂਰਥਲਾ ਦੇ ਪਿੰਡ ਨਿਜਾਮਪੁਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਮੌਜੂਦ ਪਿੰਡ ਦੇ ਲੋਕਾਂ ਨੇ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਦੀ ਉਨ੍ਹਾਂ ਵਲੋਂ ਕੁੱਟਮਾਰ ਕੀਤੀ ਗਈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਨਿਜਾਮਪੁਰ ਵਿਖੇ ਜਦੋਂ ਲੋਕ ਤੜਕੇ ਗੁਰਦੁਆਰਾ ਸਾਹਿਬ ਵਿਖੇ ਗਏ ਹੋਏ ਸਨ ਤਾਂ ਉਕਤ ਮੁਲਜ਼ਮ ਵਲੋਂ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਜਿਹਾ ਕਰਨ ’ਤੇ ਲੋਕਾਂ ਨੇ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ ਅਤੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਮੁਲਜ਼ਮ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਦੱਸਦਈਏ ਕਿ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਕ ਨੌਜਵਾਨ ਨੂੰ ਸੰਗਤ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਾਮ ਸਮੇਂ ਸ੍ਰੀ ਰਹਿਰਾਸ ਦਾ ਪਾਠ ਹੋ ਰਿਹਾ ਸੀ ਤਾਂ ਇਕ ਨੌਜਵਾਨ ਨੇ ਪ੍ਰਕਾਸ਼ ਅਸਥਾਨ ਵਾਲਾ ਜੰਗਲਾ ਟੱਪ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਟਾਸਕ ਫੋਰਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਨੌਜਵਾਨ ਨੂੰ ਕਾਬੂ ਕਰ ਕੇ ਜਦੋਂ ਬਾਹਰ ਲਿਆਂਦਾ ਗਿਆ ਤਾਂ ਗੁੱਸੇ ’ਚ ਆਈ ਬੇਕਾਬੂ ਸੰਗਤ ਨੇ ਉਸ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।

Scroll to Top