ਚੰਡੀਗ੍ਹੜ 03 ਅਗਸਤ 2022: ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ (Nancy Pelosi) ਨੇ ਤਾਈਵਾਨ (Taiwan) ਤੋਂ ਰਵਾਨਾ ਹੋ ਗਈ ਹੈ । ਇਸ ਤੋਂ ਪਹਿਲਾਂ ਉਨ੍ਹਾਂ ਨੇ ਤਾਇਵਾਨ ਦੀ ਸੰਸਦ ਨੂੰ ਸੰਬੋਧਨ ਕੀਤਾ। ਇਸ ਦੌਰਾਨ ਨੈਂਸੀ ਨੇ ਰਾਸ਼ਟਰਪਤੀ ਸਾਈ ਇੰਗ-ਵੇਨ ਨਾਲ ਵੀ ਮੁਲਾਕਾਤ ਕੀਤੀ।ਪੇਲੋਸੀ ਨੇ ਕਿਹਾ ਕਿ ਅਮਰੀਕਾ ਸੁਰੱਖਿਆ ਦੇ ਮੁੱਦੇ ‘ਤੇ ਤਾਈਵਾਨ ਦਾ ਸਮਰਥਨ ਕਰੇਗਾ। ਅਸੀਂ ਹਰ ਪਲ ਉਨ੍ਹਾਂ ਦੇ ਨਾਲ ਹਾਂ। ਸਾਨੂੰ ਤਾਈਵਾਨ ਦੀ ਦੋਸਤੀ ‘ਤੇ ਮਾਣ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਨੇ 43 ਸਾਲ ਪਹਿਲਾਂ ਤਾਈਵਾਨ (Taiwan) ਨਾਲ ਖੜ੍ਹਾ ਹੋਣ ਦਾ ਜੋ ਵਾਅਦਾ ਕੀਤਾ ਸੀ, ਉਹ ਅੱਜ ਵੀ ਉਸ ‘ਤੇ ਕਾਇਮ ਹੈ। ਇੱਥੋਂ ਉਹ ਦੱਖਣੀ ਕੋਰੀਆ ਲਈ ਰਵਾਨਾ ਹੋ ਚੁੱਕੇ ਹਨ | ਦੱਸ ਦੇਈਏ ਕਿ ਪੇਲੋਸੀ ਦੇ ਦੌਰੇ ਤੋਂ ਪਰੇਸ਼ਾਨ ਚੀਨ ਨੇ ਤਾਇਵਾਨ ਲਈ ਆਰਥਿਕ ਸਮੱਸਿਆਵਾਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਚੀਨ ਦੀ ਸਰਕਾਰ ਨੇ ਤਾਈਵਾਨ ਨੂੰ ਕੁਦਰਤੀ ਰੇਤ ਦੀ ਸਪਲਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨਾਲ ਤਾਈਵਾਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।
ਇਸਦੇ ਨਾਲ ਹੀ ਚੀਨ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਤਾਈਵਾਨ ਦਾ ਦੌਰਾ ਕਰਨ ਵਾਲਾ ਕੋਈ ਵੀ ਅਮਰੀਕੀ ਰਾਜਨੇਤਾ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕਰੇਗਾ ਤਾਂ ਇਸਦਾ ਨਤੀਜਾ ਚੰਗਾ ਹੋਵੇਗਾ । ਪੇਲੋਸੀ ਦਾ ਜਹਾਜ਼ ਸਥਾਨਕ ਸਮੇਂ ਅਨੁਸਾਰ ਰਾਤ 10:45 ‘ਤੇ ਤਾਈਪੇ ‘ਚ ਉਤਰਿਆ। ਇਸ ਦੌਰਾਨ ਚੀਨ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ।