ਚੰਡੀਗੜ੍ਹ, 05 ਅਪ੍ਰੈਲ 2023: ਉੱਤਰਾਖੰਡ ਸੂਬੇ ਦੇ ਪੰਜਵੇਂ ਅਸਥਾਨ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੇ ਦਰਵਾਜੇ ਖੁੱਲਣ ਅਤੇ ਯਾਤਰਾ 2023 ਦੀਆਂ ਤਿਆਰੀਆਂ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਮੁੱਖ ਸਕੱਤਰ ਉੱਤਰਾਖੰਡ ਸਰਕਾਰ ਡਾ. ਐੱਸ. ਐੱਸ. ਸੰਧੂ ਨਾਲ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਫੈਸਲਾ ਕੀਤਾ ਗਿਆ ਕਿ ਇਸ ਸਾਲ ਗੁਰੂਦੁਆਰਾ ਟਰੱਸਟ ਵੱਲੋਂ ਉੱਤਰਾਖੰਡ ਸਰਕਾਰ ਦੇ ਸਹਿਯੋਗ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ 2023 ਦਿਨ ਸ਼ਨੀਵਾਰ ਤੋਂ ਸ਼ੁਰੂ ਕੀਤੀ ਜਾਵੇਗੀ।
ਹਰ ਸਾਲ ਭਾਰਤੀ ਫੌਜ ਦੇ ਜਵਾਨ ਸ੍ਰੀ ਹੇਮਕੁੰਟ ਸਾਹਿਬ ‘ਚ ਭਾਰੀ ਮਾਤਰਾ ‘ਚ ਬਰਫ ਹਟਾਉਣ ਦੀ ਸੇਵਾ ਕਰਦੇ ਹਨ। ਇਸ ਸਾਲ, 20 ਅਪ੍ਰੈਲ, 2023 ਨੂੰ, ਭਾਰਤੀ ਫੌਜ ਦੇ ਜਵਾਨ ਯਾਤਰਾ ਦੇ ਰਸਤਿਆਂ ਤੋਂ ਬਰਫ ਹਟਾਉਣ ਲਈ ਘੰਗਰੀਆ ਲਈ ਰਵਾਨਾ ਹੋਣਗੇ। ਸ੍ਰੀ ਹੇਮਕੁੰਟ ਸਾਹਿਬ ਦੇ ਪਵਿੱਤਰ ਦਰਸ਼ਨਾਂ ਲਈ ਅਤੇ ਗੁਰੂ ਮਹਾਰਾਜ ਅੱਗੇ ਮੱਥਾ ਟੇਕਣ ਲਈ ਹਰ ਸਾਲ ਲੱਖਾਂ ਸ਼ਰਧਾਲੂ ਦੇਸ਼-ਵਿਦੇਸ਼ ਤੋਂ ਆਉਂਦੇ ਹਨ।
ਸੰਗਤਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਗੁਰਦੁਆਰਾ ਟਰੱਸਟ ਦੇ ਮੁੱਖ ਕੇਂਦਰਾਂ ਵਿੱਚ ਆਰਾਮ ਕਰਨ ਲਈ ਕਮਰੇ ਅਤੇ ਹਾਲ ਆਦਿ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀਆਂ ਹੋਰ ਸਹੂਲਤਾਂ ਜਿਵੇਂ ਪਾਣੀ, ਡਾਕਟਰੀ ਸਹਾਇਤਾ ਆਦਿ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਟਰੱਸਟ ਵੱਲੋਂ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਮੈਨੇਜਮੈਂਟ ਟਰੱਸਟ ਯਾਤਰਾ ਪ੍ਰਬੰਧ ਦੇ ਬਾਕੀ ਕਾਰਜਾਂ ਵਿੱਚ ਜੁਟਿਆ ਹੋਇਆ ਹੈ। ਟਰੱਸਟ ਨੇ ਯਾਤਰਾ ਲਈ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੂਠੀਆਂ ਅਫਵਾਹਾਂ ਦਾ ਸ਼ਿਕਾਰ ਨਾ ਹੋਣ, ਟਰੱਸਟ ਦੇ ਗੁਰਦੁਆਰਾ ਸਾਹਿਬ ਨਾਲ ਸੰਪਰਕ ਕਰਕੇ ਯਾਤਰਾ ਸਬੰਧੀ ਜਾਣਕਾਰੀ ਪ੍ਰਾਪਤ ਕਰਨ। ਸਮੂਹ ਸੰਗਤਾਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਖੁਸ਼ੀ ਅਤੇ ਧਾਰਮਿਕ ਭਾਵਨਾ ਨਾਲ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਅਤੇ ਆਸ਼ੀਰਵਾਦ ਪ੍ਰਾਪਤ ਕਰਨ। ਇਸਦੇ ਨਾਲ ਹੀ ਉੱਤਰਾਖੰਡ ਦੀ ਸਰਕਾਰ ਨੇ ਵੀ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਪ੍ਰਸ਼ਾਸਨ ਅਤੇ ਟਰੱਸਟ ਸਮੇਂ-ਸਮੇਂ ‘ਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ |