ਲਿਖਾਰੀ
ਮੱਖਣ ਬੇਗਾ
ਚੰਡੀਗੜ੍ਹ 13 ਮਈ 2022: ਪਹਿਲਾ 2018 ਅਤੇ ਹੁਣੇ ਜੇ 2022 ਚ ਰਿਲੀਜ਼ ਹੋਈ ਕੰਨੜ ਫ਼ਿਲਮ KGF (ਕੋਲਾਰ ਗੋਲਡ ਫ਼ੀਲਡ) ਨੂੰ ਦੇਖਣ ਤੋਂ ਬਾਅਦ ਸ਼ਾਇਦ ਕਈ ਲੋਕਾਂ ਨੂੰ KGF ਦਾ ਮਤਲਬ ਪਤਾ ਲੱਗਿਆਂ, ਹੋ ਸਕਦਾ ਸ਼ਾਇਦ ਕਈਆਂ ਨੂੰ ਹਾਲੇ ਵੀ ਫ਼ਿਲਮ ਦੀ ਪਿੱਠ ਭੂਮੀ ਨਾ ਪਤਾ ਹੋਵੇ।ਭਾਵੇ ਫ਼ਿਲਮ ਕੋਈ ਇਤਿਹਾਸਿਕ ਦਸਤਾਵੇਜ ਨਾ ਹੋ ਕਿ ਜਿਆਦਾਤਰ ਕਲਪਨਾ ਦੀ ਸਿਰਜਨਾਤਮਿਕ ਉਪਜ ਹੈ, ਇਹ ਬਹੁਤ ਦਿਲਚਸਪ ਹੈ, ਪਰ ਕੋਲ਼ਾਰ ਚ ਫੈਲੇ ਸੋਨੇ ਦੀਆਂ ਪਰਤਾਂ ਦੀ ਕਹਾਣੀ ਇਸਤੋ ਭੀ ਜਿਆਦਾ ਦਿਲਚਸਪ ਹੈ।ਕੋਲਾਰ ਗੋਲਡ ਫ਼ੀਲਡ (KGF) ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਸੋਨੇ ਦੀ ਖਾਣ ਹੈ, ਇਸਦੀ ਡੂੰਘਾਈ 3 ਕਿਲੋਮੀਟਰ ਹੈ। ਕਿਹਾ ਜਾਂਦਾ ਹੈ ਕਿ ਚੋਲ ਰਾਜਿਆ ਦੇ ਸਮੇਂ ਇੱਥੇ ਰਹਿਣ ਵਾਲੇ ਲੋਕ ਇਥੋਂ ਹੱਥਾਂ ਨਾਲ ਸੋਨਾ ਕੱਢ ਕੇ ਕੇ ਜਾਂਦੇ ਸਨ।
ਸੰਨ 1871 ਚ ਈਸਟ ਇੰਡੀਆ ਕੰਪਨੀ ਦਾ ਇੱਕ ਫੌਜੀ, ਆਇਰਲੈਂਡ ਦਾ ਰਹਿਣ ਵਾਲਾ ਇੱਕ ਅੰਗਰੇਜ਼ ਅਫ਼ਸਰ ਮਾਇਕਲ ਫਿਟਜਰਲਡ ਲਾਵੇਲ ਭਾਰਤ, ਬੰਗਲੌਰ ਕੈਂਟ ਆਇਆ, ਇਹ ਫੌਜੀ ਰਿਟਾਇਰਮੈਂਟ ਦੇ ਨੇੜ੍ਹੇ ਲੱਗਿਆ ਹੋਇਆ ਸੀ, ਇਸਤੋ ਪਹਿਲਾ ਇਹ ਨਿਊਜ਼ੀਲੈਂਡ ਚ Anglo- Maori ਜੰਗ ਲੜਕੇ ਆਇਆ ਸੀ, ਇਹਨੂੰ ਸੋਨੇ ਦੀਆਂ ਖਾਨਾਂ ਬਾਰੇ ਬਹੁਤ ਵੱਡਾ ਜਨੂੰਨ ਸੀ, ਭਾਵੇ ਉਹ ਕੋਈ ਬਹੁਤਾ ਅਮੀਰ ਬੰਦਾ ਨਹੀਂ ਸੀ।
ਰਿਟਾਇਰਮੈਂਟ ਤੋਂ ਬਾਅਦ ਇਹ ਕੁੱਝ ਵੱਡਾ ਕੰਮ ਕਰਨਾ ਚਾਹੁੰਦਾ ਸੀ, ਸੀ ਇਹ ਅਕਸਰ ਕਿਤਾਬਾਂ ਪੜ੍ਹਦਾ ਰਹਿੰਦਾ, ਇੱਕ ਦਿਨ ਇਸਦੇ ਹੱਥ Asiatic Journal ਨਾਂਮ ਦੇ ਇੱਕ ਰਸਾਲੇ ਦਾ ਇੱਕ ਲੇਖ ਹੱਥ ਲੱਗਿਆਂ, ਜਿਸਤੋਂ ਬਾਅਦ ਇਸਨੂੰ KGF ਬਾਰੇ ਪਤਾ ਲੱਗਿਆ। ਇਸ ਗੱਲ ਤੋਂ ਬਾਅਦ ਲਵੇਲ਼ ਦੀ ਦਿਮਾਗ ਘੁੰਮ ਗਿਆ ਅਤੇ ਉਸਨੇ ਸੋਨੇ ਦੇ ਕਾਰੋਬਾਰ ਚ ਅਪਣਾ ਹੱਥ ਅਜਮਾਉਣ ਦੀ ਸੋਚੀ।
ਲੈਫਟੀਨੈਂਟ ਵਾਰਨ ਨੇ ਸ੍ਰੀਰੰਗਾਪਟਮਨਮ ਦੇ ਸਥਾਨ ਤੇ ਹੋਈ ਲੜਾਈ ਜਿਸ ਵਿੱਚ ਟੀਪੂ ਸੁਲਤਾਨ ਦੀ ਮੌਤ ਹੋ ਗਈ ਸੀ, ਚ ਹਿੱਸਾ ਲਿਆ ਸੀ, ਇਸ ਅਫ਼ਸਰ ਨੇ ਸੋਨੇ ਦੀਆਂ ਖਾਨਾਂ ਅਪਣੇ ਅੱਖ਼ੀ ਦੇਖੀਆਂ ਸਨ, ਦੂਜਾ ਟੀਪੂ ਦੀ ਮੌਤ ਤੋਂ ਬਾਅਦ ਭਾਵੇ ਸਾਰਾ ਰਾਜ ਮੈਸੂਰ ਦੀ ਸਲਤਨਤ ਚ ਮਿਲਾ ਦਿੱਤਾ ਗਿਆ ਸੀ, ਪਰ KGF ਇਲਾਕੇ ਦੇ ਅਲੱਗ ਰੋਗ ਸਰਵੇ ਕਰਨ ਦੇ ਹੁਕਮ ਸਨ, ਇਸ ਕੰਮ ਲਈ 33ਵੀ ਇਨਫੈਂਟਰੀ ਕਮਾਂਡ ਦੇ ਅਫ਼ਸਰ Lt ਵਾਰਨ ਨੂੰ ਚੁਣਿਆ ਗਿਆ। ਸਰਵੇ ਕਰਨ ਇਸ ਅਫ਼ਸਰ ਨੇ ਸਥਾਨਿਕ ਲੋਕਾ ਤੋ ਬਹੁਤ ਗੱਲਾ, ਅਫ਼ਵਾਹਾਂ ਸੁਣੀਆਂ, ਇਸਨੇ ਚੋਲ ਵੰਸ਼ ਦੇ ਸਮੇਂ ਤੋਂ ਲੋਕਾ ਦੁਆਰਾ ਹੱਥਾਂ ਨਾਲ ਸੋਨਾ ਕੱਢਣ ਦੀਆਂ ਗੱਲਾਂ ਵੀ ਸੁਣੀਆਂ।
ਇੱਕ ਦਿਨ ਇਸਨੇ ਨੇੜੇ ਦੇ ਇੱਕ ਪਿੰਡ ਚ ਜਾਕੇ ਮੁਨਾਦੀ ਕਰਵਾ ਦਿੱਤੀ ਕੇ ਜੋ ਵੀ ਇਹਨੂੰ ਪੀਲ਼ੀ ਧਾਂਤ ਦੇ ਦਰਸ਼ਨ ਕਰਾਵੇਗਾ ਉਸਨੂੰ ਨਗਦ ਇਨਾਮ ਦਿੱਤਾ ਜਾਵੇਗਾ, ਕਿਹਾ ਜਾਂਦਾ ਕਿ ਅਗਲੀ ਦਿਨ ਹੀ ਲੋਕ ਉਸ ਕੋਲ ਮਿੱਟੀ ਗ਼ਾਰੇ ਦੇ ਭਰੇ ਗੱਡੇ ਲੈਕੇ ਪਹੁੰਚ ਗਏ, ਲੋਕਾਂ ਨੇ ਅਫ਼ਸਰ ਦੇ ਸਾਹਮਣੇ ਜਦੋਂ ਉਸ ਮਿੱਟੀ ਨੂੰ ਧੋਤਾ ਤਾਂ ਉਸ ਵਿੱਚੋਂ ਸੋਨੇ ਦੇ ਕਣ ਨਿਕਲਣੇ ਸ਼ੁਰੂ ਹੋ ਗਏ, 56 ਕਿਲੋਗ੍ਰਾਮ ਮਿੱਟੀ ਦੇ ਵਿੱਚੋ ਜੇਕਰ ਕਣਕ ਦੇ ਦਾਣੇ ਜਿੰਨਾ ਸੋਨਾ ਸੋਨਾ ਨਿੱਕਲ ਸਕਦਾ ਸੀ, ਤਾਂ ਵੱਡੇ ਪੱਧਰ ਤੇ ਹੁੰਦੇ ਉਤਪਾਦਨ ਨਾਲ਼ ਭਲਾ ਕੀ ਹੋਵੇਗਾ ਅੰਗਰੇਜ਼ ਇਹ ਸੋਚਕੇ ਹੈਰਾਨ ਰਹਿ ਗਏ। ਵਾਰਨ ਨੇ ਫਿਰ ਸੋਚਿਆ ਕਿ ਕਿਉਂ ਨਾ ਸੋਨੇ ਦੀ ਭਾਲ ਕੋਲਾਰ ਤੋ ਅੱਗੇ ਵੀ ਕੀਤੀ ਜਾਵੇ , ਇਸ ਲਈ ਉਸਨੇ ਮੱਰਿਕੱਪਮ ਤੱਕ ਮਿੱਟੀ ਨੂੰ ਸੈਕੜੇ ਫੁੱਟ ਹੇਠਾਂ ਤੱਕ ਪੱਟ ਦਿੱਤਾ ਗਿਆ।
1804-60 ਤੱਕ ਅਜਿਹੀਆਂ ਬਹੁਤ ਸਾਰੀਆਂ ਖੋਜਾਂ ਹੁੰਦੀਆਂ ਰਹੀਆਂ, ਕਈ ਇਲਾਕਿਆਂ ਚੋ ਲੋਕਲ ਬਾਸ਼ਿੰਦਿਆਂ ਨੂੰ ਬੇਘਰ ਕਰਕੇ ਸੋਨੇ ਦੀ ਭਾਲ ਹੁੰਦੀ ਰਹੀ, ਪਰ ਹੱਥ ਕੁੱਝ ਨਾ ਲੱਗਿਆ। ਉਲਟਾ ਲਈ ਜਗ੍ਹਾ ਤੇ ਗੈਰ ਕਾਨੂੰਨੀ ਮਾਈਨਿੰਗ ਕਾਰਨ ਐਕਸੀਡੈਂਟ ਹੋਣ ਕਾਰਨ, 1859 ਚ ਗੈਰ ਕਾਨੂੰਨੀ ਖਣਨ ਦਾ ਕੰਮ ਬੈਂਨ ਕਰ ਦਿੱਤਾ ਗਿਆ।
ਲੈਫਟੀਨੈਂਟ ਵਾਰਨ ਦੀਆ 60-65 ਸਾਲ ਪੁਰਾਣੀਆ ਰਿਪੋਰਟਾਂ ਪੜ੍ਹਕੇ ਲਾਵੇਲ਼ ਦੇ ਮਨ ਚ ਫਿਰ ਲਾਲਚ ਜਾਗ ਪਿਆ, ਓਹ 1871 ਚ ਇੱਕ ਬੈਲ ਗੱਡੀ ਕਿਰਾਏ ਤੇ ਲੈਕੇ 60 ਕਿੱਲੋਮੀਟਰ ਦੀ ਅਪਣੀ ਕੋਲਾਰ ਯਾਤਰਾ ਤੇ ਨਿੱਕਲ ਪਿਆ।
ਦੋ ਸਾਲਾਂ ਚ ਉਸਨੇ ਸਥਾਨਿਕ ਲੋਕਾ ਚ ਜਾਕੇ ਵੱਖ ਵੱਖ ਥਾਂਵਾਂ ਤੇ ਖ਼ੋਜਬੀਣ ਸ਼ੁਰੂ ਕੀਤੀ, ਉਸਨੇ 1873 ਚ ਸੋਨੇ ਦੀ ਮਾਈਨਿੰਗ ਕਰਨ ਦਾ ਲਾਇਸੈਂਸ ਮੰਗਿਆ, ਪਰ ਇਹ ਨਾ ਮਿਲ਼ਿਆ, ਕਿਉਕਿ ਸਰਕਾਰ ਨੂੰ ਸੋਨੇ ਨਾਲੋ ਕੋਲੇ ਚ ਜਿਆਦਾ ਦਿਲਚਸਪੀ ਸੀ।
ਵਾਰਨ ਨਿਰਾਸ਼ ਨਾ ਹੋਇਆ, ਬਲਕਿ ਉਸਨੇ ਕੂਰਗ (Coorg) ਅਤੇ ਮੈਸੂਰ (Mysoor) ਦੇ ਕਮਿਸ਼ਨਰ ਨੂੰ ਇਕ ਹੋਰ ਚਿੱਠੀ ਲਿਖੀ, ਉਸਨੇ ਕਿਹਾ, ” ਜੇ ਮੈਨੂੰ ਸੋਨਾ ਖਣਨ ਦਾ ਅਧਿਕਾਰ ਮਿਲੇ ਤਾਂ ਇਹ ਸਰਕਾਰ ਵਾਸਤੇ ਬਹੁਤ ਫਾਇਦੇਮੰਦ ਹੋਵੇਗਾ, ਜੇ ਮੈ ਅਪਣੇ ਮਕਸਦ ਵਿੱਚ ਫੇਲ ਵੀ ਹੀ ਗਿਆ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ।” 2 ਫਰਬਰੀ 1875 ਨੂੰ ਲਾਵੇਲ਼ ਨੂੰ ਦੋਹਾਂ ਚੀਜਾ ਕੋਲਾ ਅਤੇ ਸੋਨੇ ਨੂੰ ਕੱਢਣ ਦਾ ਵੀਹ ਸਾਲ ਦਾ ਠੇਕਾ ਮਿਲ ਗਿਆ। ਅਸਲੀ ਲੁੱਟ ਦਾ ਕੰਮ ਸ਼ੁਰੂ ਹੋਇਆ। ਇੱਥੇ ਭਾਰਤ ਦਾ 95% ਸੋਨਾ ਪੈਦਾ ਹੋਣ ਲੱਗਾ। ਅਗਲੇ ਦਸ ਸਾਲਾ ਚ ਇਥੋਂ 1,70,000 ਕਿਲੋਗ੍ਰਾਮ ਸੋਨਾ ਕੱਢਕੇ ਬਰਤਾਨੀਆਂ ਐਕਸਪੋਰਟ ਕੀਤਾ ਗਿਆ। 1920 ਤੱਕ ਕੰਮ ਕਰਨ ਦੇ ਮਕਸਦ ਨਾਲ ਇਸ 30,000 ਵਰਗ ਕਿਲੋਮੀਟਰ ਦੇ ਦਾਇਰੇ ਚ ਲੱਗਭੱਗ ਨੱਬੇ ਹਜਾਰ ਲੋਕ ਰਹਿੰਦੇ ਸਨ।
ਜਿੱਥੇ ਇੱਕ ਪਾਸੇ ਲਵੇਲ਼ ਦੇ ਬਹੁਤ ਸਾਰੇ ਪ੍ਰਸ਼ੰਸ਼ਕ ਬਣੇ ਉਥੇ ਹੀ ਈਸਟ ਇੰਡੀਆ ਕੰਪਨੀ ਦੇ ਦੂਜੇ ਅਫ਼ਸਰ ਅਤੇ ਵਾਪਰੀ ਉਸਤੋਂ ਖ਼ਾਰ ਖਾਣ ਲੱਗੇ ਅਤੇ ਉਸਦੇ ਵਿਰੁੱਧ ਵੱਡੇ ਅਫ਼ਸਰਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਦੂਜੇ ਪਾਸੇ ਜਦੋਂ ਲਵੇਲ਼ ਨੂੰ ਇਸਦਾ ਪਰ ਲੱਗਿਆ ਤਾਂ ਉਸਨੇ ਫ਼ੌਜ ਦੀ ਮਦਰਾਸ ਕੋਰ ਦੇ ਮੇਜਰ ਜਨਰਲ ਨੂੰ ਕੋਈ ਲਾਲਚ ਦੇਕੇ , ਕਈ ਹੋਰ ਕਰਨਲਾਂ ਨਾਲ ਮਿਲਕੇ ਇੱਕ ਕੰਪਨੀ ਨਿਰਮਤ ਕੀਤੀ ਜਿਸਦਾ ਨਾਂ ਕੋਲਾਰ ਕਨਸੈਸਨਰੀਜ਼ ਕੰਪਨੀ ਰੱਖਿਆ ਬਣਾ ਲਈ, ਹੁਣ ਕੋਲ਼ ਖਾਨਾਂ ਨੂੰ ਪੁੱਟਣ ਦਾ ਠੇਕਾ ਇਸ ਕੰਪਨੀ ਕੋਲ ਆ ਗਿਆ। ਖਾਨਾਂ ਚ ਵਰਤੀ ਜਾਂਦੀ ਸਾਰੀ ਮਸ਼ੀਨਰੀ ਦਾ ਕੰਮ , Norwich, England ਦੀ ਫ਼ਰਮ ਜੋਹਨ ਟੇਲਰ ਐਂਡ ਸੰਨਜ਼ ‘ ਦਾ ਸੀ, ਹੁਣ ਪੂਰੀ ਦੁਨੀਆਂ ਚੋ ਸਭ ਤੋਂ ਉੱਚ ਕੋਟੀ ਦੇ ਇੰਜੀਨੀਅਰ ਇੱਥੇ ਕੰਮ ਕਰਨ ਲਈ ਬੁਲਾਏ ਗਏ।
ਕੰਮ ਦੀ ਰਫ਼ਤਾਰ ਤੇਜ਼ ਹੋਣ ਨਾਲ ਇਸ ਖੇਤਰ ਚ ਬਿਜਲੀ ਦੀ ਲੋੜ੍ਹ ਮਹਿਸੂਸ ਹੋਈ, ਆਰਮੀ ਦੀ Royal Engineering ਕੋਰ ਦੇ ਇੰਜੀਨੀਅਰਾਂ ਨੇ ਮੈਸੂਰ ਦੇ ਮਹਾਰਾਜੇ ਨੂੰ ਕਾਵੇਰੀ ਨਦੀ ਤੇ ਭਾਰਤ ਦਾ ਪਹਿਲਾਂ ਅਤੇ ਏਸ਼ੀਆ ਦਾ ਦੂਜਾ ਪਾਵਰ ਪਲਾਟ ਲਗਾਉਣ ਦੀ ਪੇਸ਼ਕਸ਼ ਕੀਤੀ ਗਈ। ਸਾਲ 1900 ਚ ਨਿਊਯਾਰਕ ਦੀ ਸੈਂਟਰਲ ਇਲੈਕਟ੍ਰਿਕ ਕੰਪਨੀ, ਅਤੇ ਸਵਿਟਜ਼ਰਲੈਂਡ ਦੀ ਆਈਸ਼ਰ ਵੀਸ (Eicher Wyss) ਨੂੰ ਪਲਾਂਟ ਲਾਉਣ ਦਾ ਠੇਕਾ ਮਿਲ਼ਿਆ, ਇਸ ਪ੍ਰਾਜੈਕਟ ਲਈ ਵਰਤੀ ਜਾਂਦੀ ਬਹੁਤੀ ਮਸੀਨਰੀ ਜਰਮਨੀ ਤੋਂ ਮੰਗਾਈ ਗਈ, ਜਿਸਨੂੰ ਹਾਥੀਆਂ , ਘੋੜਿਆਂ ਦੀ ਮੱਦਦ ਨਾਲ਼ ਇੱਥੇ ਪਹੁੰਚਾਇਆ ਗਿਆ। ਜਲਦੀ ਹੀ ਕੋਲਾਰ ਖ਼ੇਤਰ ਚੋ ਦੀਵੇ ਮੋਮਬੱਤੀਆਂ ਗਾਇਬ ਹੋ ਗਈਆਂ, ਅਤੇ ਇਹ ਏਸ਼ੀਆ ਮਹਾਂਦੀਪ ਵਿੱਚ ਜਾਪਾਨ ਤੋਂ ਬਾਅਦ ਬਿਜਲੀ ਪ੍ਰਾਪਤ ਕਰਨ ਵਾਲੀ ਦੂਜੀ ਜਗ੍ਹਾ ਸੀ।
ਹੌਲੀ ਹੌਲੀ ਇਸ ਜਗ੍ਹਾ ਦਾ ਨਾਮ ਲਿਟਲ ਇੰਗਲੈਂਡ ਪੈ ਗਿਆ, ਠੰਢਾ ਮੌਸਮ, ਸ਼ਾਂਤ ਮਾਹੌਲ ਚੰਗੇ ਪੱਖ ਸਨ,ਜਿੱਥੇ ਇੱਕ ਪਾਸੇ ਅੰਗਰੇਜ਼ ਅਫ਼ਸਰ ਠੰਡੇ ਮੌਸਮ ਚ ਅਪਣੀ ਜਿੰਦਗੀ ਦੇ ਮਜ਼ੇ ਲੁੱਟਦੇ
ਉੱਥੇ ਹੀ ਭਾਰਤੀ ਮਜ਼ਦੂਰਾਂ ਦੀ ਹਾਲਤ ਤਰਸਯੋਗ ਸੀ, ਇੱਕ ਨਿੱਕੀ ਜੀ ਝੋਪੜੀ ਚ ਪੂਰੇ ਪਰਵਾਰ ਨੂੰ ਰਹਿਣਾ ਪੈਂਦਾ, ਇੱਥੇ ਚੂਹਿਆਂ ਦੀ ਬਹੁਤ ਦਿੱਕਤ ਸੀ, ਇਕ ਅੰਗਰੇਜ਼ੀ ਰਿਕਾਰਡ ਮੁਤਾਬਕ ਇੱਕ ਸਾਲ ਚ ਮਜ਼ਦੂਰਾਂ ਨੇ 50,000 ਚੂਹੇ ਮਾਰ ਮੁਕਾਏ ਸਨ, ਕੰਮ ਵਾਲੀ ਜਗ੍ਹਾ ਵੀ ਨਰਕ ਵਰਗੀ ਸੀ, ਖਾਨ ਦੇ ਅੰਦਰ 55 ਡਿਗਰੀ ਦੇ ਤਾਪਮਾਨ ਤੇ ਕੰਮ ਕਰਕੇ ਉਹ ਗੰਦੀ ਹਵਾ ਨਾਲ਼ ਦਿਨ ਬ ਦਿਨ ਮਰਦੇ ਸਨ, ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਗ਼ੈਰ ਸੁਖਾਵੀਂ ਘਟਨਾ ਹੀ ਜਾਂਦੀ।
ਹੌਲੀ ਹੌਲੀ ਸੋਨੇ ਦਾ ਉਤਪਾਦਨ ਘਟਣ ਦੇ ਨਾਲ ਨਾਲ ਲਾਲਚੀ ਵਪਾਰੀਆਂ ਦਾ KGF ਨਾਲ਼ ਮੋਹ ਟੁੱਟਣ ਲੱਗ ਪਿਆ, ਹੁਣ ਕੋਲਾਰ ਉਹਨਾਂ ਦਾ ਕਮਾਊ ਪੁੱਤ ਨਾ ਰਿਹਾ, ਨਾਂ ਸਿਰਫ ਇੰਗਲੈਂਡ ਬਲਕਿ ਹੋਰਨਾਂ ਦੇਸ਼ਾਂ ਤੋਂ ਆਏ ਵਪਾਰੀਆ ਦਾ ਮੂੰਹ ਹੁਣ ਪੱਛਮੀ ਅਫ਼ਰੀਕਾ ਅਤੇ ਘਾਨਾ ਵਰਗੇ ਕੁਦਰਤੀ ਸਰੋਤਾਂ ਨਾਲ ਭਰੇ ਮੁਲਕਾਂ ਵੱਲ ਹੋ ਗਿਆ। ਪਰ ਆਜ਼ਾਦੀ ਤੋਂ ਬਾਅਦ ਵੀ ਅਗਲੇ ਨੋਂ- ਦਸ ਸਾਲਾਂ ਤੱਕ ਇਹ ਖਾਨਾਂ ਬ੍ਰਿਟਿਸ਼ ਹਕੂਮਤ ਦੇ ਕੋਲ ਰਹੀਆਂ, ਆਖ਼ਿਰ 1956 ਚ ਇਹਨਾ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ। ਪ੍ਰਸਿੱਧ ਭਾਰਤੀ ਵਿਗਿਆਨੀ ਹੋਮੀ ਜਹਾਂਗੀਰ ਭਾਵਾ ਦੇ ਇੱਕ ਪ੍ਰੋਟੋਨ ਸਬੰਧੀ ਇੱਕ ਲੇਖ ਛਪਣ ਤੋ ਬਾਅਦ 1960 ਵਿੱਚ ਇੱਥੇ ਇੱਕ 8000 ਫੁੱਟ ਲੈਬ ਸਥਾਪਿਤ ਕੀਤੀ ਗਈ, 1965 ਚ ਭਾਰਤ ਦਾ ਪਹਿਲਾਂ cosmic ray neutrino ਤਜ਼ੁਰਬਾ ਏਸੇ ਜਗ੍ਹਾ ਕੀਤਾ ਗਿਆ ਸੀ।
ਅਖਿਰਕਾਰ 28 ਫ਼ਰਵਰੀ 2001 ਵਿੱਚ ਲੋਕਾ ਦੇ ਭਾਰੀ ਵਿਰੋਧ ਦੇ ਬਾਵਜੂਦ, ਇਹ ਖਾਨਾਂ ਹਮੇਸ਼ਾ ਲਈ ਬੰਦ ਕਰ ਦਿੱਤੀਆਂ ਗਈਆਂ। ਸੋਨਾ ਕੱਢਣ ਵਾਲਿਆ ਦੀ ਮਚਾਈ ਲੁੱਟ ਦਾ ਸਬੂਤ ਇੱਥੇ ਹੁਣ ਤੱਕ ਪੂਰੇ ਨਹੀਂ ਜਾਂ ਸਕਣ ਵਾਲੇ ਕਈ ਕਈ ਕਿਲੋਮੀਟਰ ਤੱਕ ਪਏ ਗੱਡੇ ਨੇ, ਇਹਨਾ ਚ ਹੜਾ ਦੇ ਦਿਨਾਂ ਚ ਪਾਣੀ ਭਰ ਜਾਂਦਾ, ਥੋੜ੍ਹੀ ਬਹੁਤੀ ਜਗ੍ਹਾ ਤੇ ਹੁੰਦੀ ਖ਼ੇਤੀ ਵੀ ਹੁਣ ਖ਼ਤਮ ਹੋ ਚੁੱਕੀ ਹੈ ਬਹੁਤ ਸਾਰੀਆ ਸਰਕਾਰੀ ਸਕੀਮਾਂ ਵੀ ਧਰਤੀ ਦੀ ਹਿੱਕ ਤੇ ਟਾਕੀ ਲਾਉਣ ਤੋਂ ਪਹਿਲਾਂ ਖੁਦ ਦੀ ਖ਼ਤਮ ਹੀ ਗਈਆਂ ਹਨ।
ਭਾਵੇ 121 ਸਾਲਾ ਦੀ ਇਸ ਬ੍ਰਿਟਿਸ਼ ਲੁੱਟ ਦੇ ਦੌਰਾਨ ਵਪਾਰੀ ਲੋਕ ਇੱਥੋਂ ਅੱਠ ਹਜਾਰ ਟਨ (ਲੱਗਭੱਗ 7,25,747 ਕਿੱਲੋ ) ਸੋਨਾ ਕੱਢਕੇ ਲੰਡਨ ਦੇ ਆਲੀਸ਼ਾਨ ਸ਼ੋਅ ਰੂਮਾਂ ਦਾ ਸ਼ਿੰਗਾਰ ਬਣਿਆ, ਪਰ ਅਸਲ ਚ ਕੋਲਾਰ ਨੂੰ ਇਸਦੀ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਹੈ, ਕੁੱਝ ਲੋਕਾਂ ਦਾ ਮੰਨਣਾ ਕਿ ਕੋਲਾਰ ਚ ਅੱਜ ਵੀ ਬਹੁਤ ਸੋਨਾ ਪਿਆ,ਪਰ ਸ਼ਾਇਦ ਉਸਨੂੰ ਕੱਢਣ ਦੀ ਕੀਮਤ ਹੁਣ ਸੋਨੇ ਦੀ ਕੀਮਤ ਤੋ ਵੀ ਜਿਆਦਾ ਮਹਿੰਗੀ ਹੋਵੇਗੀ।
ਮੂਲ ਸ੍ਰੋਤ ਇੰਟਰਨੈੱਟ ਅਤੇ FF Penni ਦੀ ਕਿਤਾਬ “Living Dangerously”