ਸ੍ਰੀ ਮੁਕਤਸਰ ਸਾਹਿਬ 04 ਅਕਤੂਬਰ 2022: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਭਾਗ ਦੀਆ ਹਦਾਇਤਾ ਤਹਿਤ ਡਾ. ਸਚਿਨ ਗੁਪਤਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ | ਜਿਸਦੇ ਚੱਲਦੇ ਜ਼ਿਲ੍ਹੇ ਅੰਦਰ ਬੀਤੇ ਸਮੇਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਨੂੰ ਖਤਮ ਕਰਨ ਲਈ ਪੁਲਿਸ ਵਿਭਾਗ ਵੱਲੋਂ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆ ਹਨ।
ਇਸ ਦੇ ਸਿੱਟੇ ਵੱਜੋਂ ਪਿਛਲੇ ਕੁਝ ਸਮੇਂ ਅੰਦਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬ੍ਰਾਮਦਗੀ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।
ਇਸਦੇ ਨਾਲ ਹੀ ਮਾਨਯੋਗ ਅਦਾਲਤ ਦੇ ਹੁਕਮਾਂ ਮੁਤਾਬਕ ਇਸਨੂੰ ਨਸ਼ਟ ਕਰਨਾ ਵੀ ਜਰੂਰੀ ਹੋ ਜਾਂਦਾ ਹੈ। ਇਸ ਸਬੰਧੀ ਸਮੇਂ ਸਮੇਂ ਮਾਨਯੋਗ ਵੱਖ ਵੱਖ ਅਦਾਲਤਾਂ ਵੱਲੋਂ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾਂਦੇ ਹਨ। ਇਸ ਲਈ ਮਾਨਯੋਗ ਅਦਾਲਤ ਤੋਂ ਹੁਕਮ ਮਿਲਣ ਤੋਂ ਬਾਅਦ ਅਤੇ ਵਿਭਾਗੀ ਕਮੇਟੀ ਦੀਆਂ ਸ਼ਿਫਾਰਸ਼ਾਂ ਉਪਰੰਤ ਅੱਜ ਪ੍ਰੀ ਟਰਾਇਲ ਅਤੇ ਪੋਸਟ ਟਰਾਇਲ ਐਨ.ਡੀ.ਪੀ.ਐਸ ਨਾਲ ਸਬੰਧਿਤ ਮੁਕੱਦਮਿਆਂ ਦਾ ਮਾਲ ਯੂਨੀਵਰਸਲ ਬਾਇਓਮੈਸ ਪਲਾਂਟ ਪਿੰਡ ਚੰਨੂ ਵਿਖੇ ਸਾਰੇ ਨਸ਼ੀਲੇ ਪਦਾਰਥ ਨਸ਼ਟ ਕੀਤੇ ਹਨ |
ਇਸਦੇ ਨਾਲ ਹੀ ਅਦਾਲਤ ਦੇ ਹੁਕਮਾਂ ਅਨੁਸਾਰ ਇਸ ਸਮੁੱਚੀ ਪ੍ਰਕੀਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਲਈ ਬਣਾਈ ਗਈ ਉੱਚ ਪੱਧਰੀ ਕਮੇਟੀ ਦੀ ਅਗਵਾਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ ਡਾ. ਸਚਿਨ ਗੁਪਤਾ ਆਈ.ਪੀ.ਐਸ. ਵੱਲੋਂ ਕੀਤੀ ਗਈ ਜਦੋਂ ਕਿ ਉਨ੍ਹਾਂ ਦੇ ਨਾਲ ਬਤੌਰ ਕਮੇਟੀ ਮੈਂਬਰ ਸ੍ਰੀ ਗੁਰਚਰਨ ਸਿੰਘ ਗੁਰਾਇਆ ਕਪਤਾਨ ਪੁਲਿਸ (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਅਵਤਾਰ ਸਿੰਘ ਉੱਪ ਕਪਤਾਨ ਪੁਲਿਸ (ਡੀ) ਫਰੀਦਕੋਟ ਮੌਕਾ ਪਰ ਹਾਜ਼ਿਰ ਰਹੇ। ਇਸ ਪੋਸਟ ਟ੍ਰਾਇਲ ਅਤੇ ਪ੍ਰੀ ਟ੍ਰਾਇਲ ਦੇ ਕੁੱਲ 104 ਐਨ.ਡੀ.ਪੀ.ਐਸ. ਮੁਕੱਦਮਿਆਂ ਦਾ ਮਾਲ ਜਿਸ ਵਿੱਚ 223.250 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 211ਗ੍ਰਾਮ ਹੈਰੋਇਨ, 04 ਕਿਲੋ ਗਾਂਜਾ ਅਤੇ 179049 ਨਸ਼ੀਲੀਆਂ ਗੋਲੀਆਂ ਨੂੰ ਨਸ਼ਟ ਕੀਤਾ ਗਿਆ ਇਸ ਤੋਂ ਇਲਾਵਾ 35 ਮੁਕੱਦਮਿਆਂ ਨੂੰ ਇਕ ਦਿਨ ਵਿਚ ਟੂ ਕੋਰਟ ਕਰਵਾਇਆ ਗਿਆ ।