ਪੰਜਾਬ : RSS ਦੀ ਸ਼ਾਖਾ ਤੇ ਹਿੰਦੂ ਨੇਤਾਵਾਂ ‘ਤੇ ਹੋ ਸਕਦਾ ਹੈ ਅੱਤਵਾਦੀ ਹਮਲਾ, IB ਨੇ ਜਾਰੀ ਕੀਤਾ ਅਲਰਟ

ਚੰਡੀਗੜ੍ਹ, 24 ਨਵੰਬਰ 2021 : ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਪੰਜਾਬ ਵਿੱਚ ਵੱਡੇ ਅਤਿਵਾਦੀ ਹਮਲੇ ਦੀ ਯੋਜਨਾ ਬਣਾ ਰਹੀ ਹੈ, ਖਾਸ ਕਰਕੇ ਆਰਐਸਐਸ ਦੀਆਂ ਸ਼ਾਖਾਵਾਂ ਅਤੇ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਹ ਅਲਰਟ ਆਈਬੀ ਵੱਲੋਂ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਮੂਹ ਅਧਿਕਾਰੀਆਂ ਨੂੰ ਗਸ਼ਤ ਵਧਾਉਣ, ਇੱਕ ਤਿਹਾਈ ਅਧਿਕਾਰੀਆਂ ਨੂੰ ਰਾਤ ਦੀ ਗਸ਼ਤ ਕਰਨ ਦੇ ਹੁਕਮ ਦਿੱਤੇ ਹਨ।

ਹਾਲ ਹੀ ‘ਚ 21 ਨਵੰਬਰ ਨੂੰ ਦੇਰ ਰਾਤ ਮੋਟਰਸਾਈਕਲ ਸਵਾਰਾਂ ਨੇ ਪਠਾਨਕੋਟ ‘ਚ ਫੌਜੀ ਕੈਂਪ ਨੇੜੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ ਸੀ। ਵੈਸੇ ਇਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਇਸ ਪਿੱਛੇ ਆਈਐਸਆਈ ਦਾ ਹੱਥ ਹੋਣ ਦਾ ਸ਼ੱਕ ਹੈ। 15 ਅਗਸਤ ਤੋਂ ਹੁਣ ਤੱਕ 25 ਤੋਂ ਵੱਧ ਡਰੋਨ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਚੁੱਕੇ ਹਨ। ਹਥਿਆਰ, ਹੈਰੋਇਨ ਅਤੇ ਟਿਫਿਨ ਬੰਬ ਭੇਜੇ ਜਾ ਰਹੇ ਹਨ। 11 ਟਿਫਿਨ ਬੰਬ ਬਰਾਮਦ ਹੋਏ ਹਨ।

ਆਈਐਸਆਈ ਲਗਾਤਾਰ ਪੰਜਾਬ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਭੇਜ ਰਹੀ ਹੈ। ਪਿੱਛੇ ਜਿਹੇ ਅਜਨਾਲਾ ਕਾਂਡ ਦੀਆਂ ਤਾਰਾਂ ਵੀ ਅੱਤਵਾਦੀਆਂ ਨਾਲ ਜੁੜੀਆਂ ਸਾਹਮਣੇ ਆਈਆਂ ਹਨ। ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ‘ਤੇ ਬੰਬ ਧਮਾਕੇ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਨੇੜਲੇ ਪਿੰਡ ਦੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਵਿਚੋਂ ਰੂਬਲ ਅਤੇ ਵਿੱਕੀ ਦੋਵੇਂ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਭਾਈ ਲਖਬੀਰ ਸਿੰਘ ਰੋਡੇ ਦੇ ਕਾਸਿਮ ਔਰਵ ਦੇ ਸੰਪਰਕ ਵਿਚ ਸਨ।

ਤਿੰਨ ਦਿਨ ਪਹਿਲਾਂ ਜੀਰਾ ਵਿਧਾਨ ਸਭਾ ਹਲਕੇ ਦੇ ਪਿੰਡ ਸੇਖਵਾਂ ਦੇ ਖੇਤਾਂ ਵਿੱਚ ਇੱਕ ਟਿਫਨ ਵਿੱਚ ਹੈਂਡ ਗਰਨੇਡ ਮਿਲਿਆ ਸੀ। ਆਈਬੀ ਦੇ ਸੂਤਰਾਂ ਅਨੁਸਾਰ ਆਈਐਸਆਈ ਵੱਲੋਂ ਪੰਜਾਬ ਵਿੱਚ ਸਰਹੱਦ ਪਾਰ ਤੋਂ ਟਿਫਿਨ ਬੰਬ ਅਤੇ ਗ੍ਰੇਨੇਡ ਭੇਜੇ ਗਏ ਹਨ, ਜਿਸ ਨਾਲ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ। ਆਈਬੀ ਨੂੰ ਪੰਜਾਬ ਦੇ ਹਿੰਦੂ ਨੇਤਾਵਾਂ ਅਤੇ ਆਰਐਸਐਸ ਦੀਆਂ ਸ਼ਾਖਾਵਾਂ ‘ਤੇ ਸਖ਼ਤ ਨਜ਼ਰ ਰੱਖਣ ਲਈ ਕਿਹਾ ਗਿਆ ਹੈ।

Scroll to Top