ਗੁਰਦਾਸਪੁਰ 09 ਦਸੰਬਰ 2022: ਦੇਰ ਸ਼ਾਮ ਗੁਰਦਾਸਪੁਰ (Gurdaspur) ਦੇ ਕਲਾਨੌਰ-ਬਟਾਲਾ ਮਾਰਗ ‘ਤੇ ਪੈਂਦੇ ਅੱਡਾ ਕੋਟ ਮੀਆਂ ਸਾਹਿਬ ਨੇੜੇ ਮਿੰਨੀ ਬੱਸ ਤੇ ਕਾਰ ਦਰਮਿਆਨ ਭਿਆਨਕ ਟੱਕਰ ਹੋਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ, ਇਸ ਸਦਕਰ ਹਾਦਸੇ ਵਿੱਚ ਕਾਰ ਚਾਲਕ ਬੀਐੱਸਐੱਫ ਦੇ ਜਵਾਨ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਟੱਕਰ ਕਾਰਨ ਬੱਸ ਪਲਟ ਗਈ ਅਤੇ ਬੱਸ ਵਿਚ ਸਵਾਰ ਦਰਜ਼ਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ।
ਹਾਦਸੇ ਵਿੱਚ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਕਲਾਨੌਰ ਦੇ ਏਐਸਆਈ ਰਣਧੀਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਬਟਾਲੇ ਤੋਂ ਕਲਾਨੌਰ ਆ ਰਹੀ ਸੀ ਤੇ ਕਲਾਨੌਰ ਵੱਲ ਤੋਂ ਸਵਿਫਟ ਕਾਰ ਜਾ ਰਹੀ ਸੀ | ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੀ ਟੱਕਰ ਹੋਣ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ ਤੇ ਲੋਕ ਹਾਦਸੇ ਵਾਲੀ ਥਾਂ ‘ਤੇ ਪੁੱਜੇ ਤੇ ਪਲਟੀ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ਦੌਰਾਨ ਕਾਰ ਪੂਰੀ ਤਰ੍ਹਾਂ ਨੁਕਸ਼ਾਨੀ । ਮ੍ਰਿਤਕ ਕਾਰ ਚਾਲਕ ਦੀ ਪਹਿਚਾਣ ਬੀਐੱਸਐੱਫ ਦੇ ਹੌਲਦਾਰ ਪਰਮਜੀਤ ਸਿੰਘ ਪੁੱਤਰ ਗਰਮੀਤ ਸਿੰਘ ਸੇਵਾ ਮੁਕਤ ਥਾਣੇਦਾਰ ਵਾਸੀ ਨਾਨੋਹਰਨੀ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜਵਾਨ ਕੁਝ ਦਿਨ ਪਹਿਲਾ ਹੀ ਛੁੱਟੀ ‘ਤੇ ਘਰ ਆਇਆ ਹੋਇਆ ਸੀ |