ਚੰਡੀਗੜ੍ਹ 27 ਅਕਤੂਬਰ 2022: (PAK vs ZIM) ਪਾਕਿਸਤਾਨ ਨੂੰ ਟੀ-20 ਵਿਸ਼ਵ ਕੱਪ ‘ਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿੰਬਾਬਵੇ ਨੇ ਰੋਮਾਂਚਕ ਮੈਚ ‘ਚ ਪਾਕਿਸਤਾਨੀ ਟੀਮ ਨੂੰ ਇਕ ਦੌੜ ਨਾਲ ਹਰਾ ਦਿੱਤਾ । ਪਿਛਲੇ ਮੈਚ ਵਿੱਚ ਪਾਕਿਸਤਾਨ ਨੂੰ ਭਾਰਤ ਹੱਥੋਂ ਚਾਰ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿੰਬਾਬਵੇ ਤੋਂ ਮਿਲੀ ਹਾਰ ਨਾਲ ਪਾਕਿਸਤਾਨ ਦਾ ਸੈਮੀਫਾਈਨਲ ‘ਚ ਪਹੁੰਚਣ ਦਾ ਰਾਹ ਮੁਸ਼ਕਿਲ ਹੋ ਗਿਆ ਹੈ।
ਪਾਕਿਸਤਾਨ ਸੁਪਰ-12 ਦੌਰ ਦੇ ਗਰੁੱਪ-2 ਅੰਕ ਸੂਚੀ ‘ਚ ਦੋ ਮੈਚਾਂ ‘ਚ ਦੋ ਹਾਰਾਂ ਨਾਲ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਜ਼ਿੰਬਾਬਵੇ ਦੀ ਟੀਮ ਦੋ ਮੈਚਾਂ ‘ਚ ਤਿੰਨ ਅੰਕ ਲੈ ਕੇ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਭਾਰਤ ਚਾਰ ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ। ਦੂਜੇ ਪਾਸੇ ਦੱਖਣੀ ਅਫਰੀਕਾ ਦੋ ਮੈਚਾਂ ਵਿੱਚ ਤਿੰਨ ਅੰਕਾਂ ਅਤੇ ਜ਼ਿੰਬਾਬਵੇ ਨਾਲੋਂ ਬਿਹਤਰ ਨੈੱਟ ਰਨ ਰੇਟ ਨਾਲ ਦੂਜੇ ਸਥਾਨ ’ਤੇ ਹੈ।
ਪਰਥ ‘ਚ ਖੇਡੇ ਗਏ ਮੈਚ ‘ਚ ਜ਼ਿੰਬਾਬਵੇ ਦੇ ਕਪਤਾਨ ਕ੍ਰੇਗ ਇਰਵਿਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 130 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ਗੁਆ ਕੇ 129 ਦੌੜਾਂ ਹੀ ਬਣਾ ਸਕੀ।