ਚੰਡੀਗੜ੍ਹ 02 ਜੂਨ 2022: ਰੂਸ ਅਤੇ ਯੂਕਰੇਨ (Ukraine) ਵਿਚਾਲੇ ਪਿਛਲੇ 100 ਦਿਨਾਂ ਤੋਂ ਲਗਾਤਾਰ ਜੰਗ ਜਾਰੀ ਹੈ। ਅਜਿਹੇ ‘ਚ ਯੂਕਰੇਨ ਨੂੰ ਵੱਡੀ ਗਿਣਤੀ ‘ਚ ਬੁਨਿਆਦੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਰੂਸ ਨੂੰ ਗੁਆਂਢੀ ਦੇਸ਼ ‘ਚ ਫੌਜੀ ਕਾਰਵਾਈ ਨੂੰ ਲੈ ਕੇ ਕਈ ਪਾਬੰਦੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਰੂਸ ਉਨ੍ਹਾਂ ਦੇ ਦੇਸ਼ ਦੇ ਲਗਭਗ ਪੰਜਵੇਂ ਹਿੱਸੇ ਨੂੰ ਕੰਟਰੋਲ ‘ਚ ਲੈ ਲਿਆ ਹੈ |
ਇਸਦੇ ਨਾਲ ਹੀ ਲੇਂਸਕੀ ਨੇ ਕਿਹਾ ਕਿ ਰੂਸੀ ਫੌਜ ਪੂਰਬੀ ਡੋਨਬਾਸ ਖੇਤਰ ‘ਤੇ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ। ਰੂਸੀ ਫੌਜ ਖੇਤਰ ਦੇ ਪ੍ਰਸ਼ਾਸਨਿਕ ਕੇਂਦਰ ਕ੍ਰਾਮੇਟੋਰਸਕ ਵੱਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਦੇ ਨਾਲ ਹੀ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਫੌਜ ਨੇ ਯੂਕਰੇਨ (Ukraine) ਦੇ ਪੂਰਬੀ ਉਦਯੋਗਿਕ ਖੇਤਰਾਂ ‘ਚ ਹਮਲਾ ਤੇਜ਼ ਕਰ ਦਿੱਤਾ ਹੈ ਅਤੇ ਉਸ ਨੇ ਦੇਸ਼ ਦੀ ਰਾਜਧਾਨੀ ਕੀਵ ਅਤੇ ਉੱਤਰ-ਪੂਰਬ ਵਿੱਚ ਫੌਜੀ ਕਾਰਵਾਈ ਨੂੰ ਘਟਾ ਦਿੱਤੀ ਹੈ।