ਪਟਿਆਲਾ 23 ਅਗਸਤ 2022: ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ (Punjabi University) ਲਗਾਤਾਰ ਧਰਨੇ ਕੇਂਦਰਾਂ ਦਾ ਬਿੰਦੂ ਬਣਦੀ ਜਾ ਰਹੀ ਹੈ, ਉੱਥੇ ਹੀ ਪੰਜਾਬੀ ਯੂਨੀਵਰਸਿਟੀ ਵਿੱਚ ਸਿੱਖ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਅਤੇ ਇਸ ਮਾਮਲੇ ਨੂੰ ਲੈ ਕੇ ਹੁਣ ਸੈਕੁਲਰ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਸਮੂਹ ਵਿਦਿਆਰਥੀਆਂ ਵੱਲੋਂ ਪੱਕਾ ਮੋਰਚਾ ਲਾ ਕੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ |
ਰੋਸ਼ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਵਿਦਿਆਰਥੀਆਂ ਵੱਲੋਂ ਵੀਸੀ ਦਫ਼ਤਰ ਦੀਆਂ ਕੰਧਾਂ ਤੇ ਜਿੱਥੇ ਵੱਖ ਵੱਖ ਸਿੱਖ ਧਰਮ ਦੀਆਂ ਕਿਤਾਬਾਂ ਦੀ ਕੀਤੀ ਗਈ ਬੇਅਦਬੀ ਦੀਆਂ ਤਸਵੀਰਾਂ ਲਗਾਈਆਂ ਗਈਆਂ, ਉੱਥੇ ਨਾਲ ਹੀ ਯੂਨੀਵਰਸਿਟੀ ਵਿੱਚ ਹੋ ਰਹੇ ਘਪਲਿਆਂ ਸਬੰਧੀ ਵੀ ਪੋਸਟਰ ਲਗਾਏ ਗਏ ਹਨ |
ਰੋਸ ਪ੍ਰਦਰਸ਼ਨ ਕਰ ਰਹੇ ਜਥੇਬੰਦੀ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਈ ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਵਿੱਚ ਕਾਫੀ ਸਿੱਖ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਦੀ ਬੇਅਦਬੀ ਕੀਤੀ ਗਈ ਹੈ ਅਤੇ ਇਨ੍ਹਾਂ ਕਿਤਾਬਾਂ ਨੂੰ ਰੱਦੀ ਦੇ ਭਾਅ ਵੇਚਿਆ ਗਿਆ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ |
ਉੱਥੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਇੱਕ ਚਿੱਠੀ ਲਿਖੀ ਹੈ, ਪਰ ਨਾਲ ਹੀ ਇਨ੍ਹਾਂ ਵਿਦਿਆਰਥੀਆਂ ਨੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਸ ਪੱਕੇ ਮੋਰਚੇ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਸਿੱਖ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਦੀ ਕੀਤੀ ਗਈ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ ਹੈ।
ਉੱਥੇ ਹੀ ਦੂਜੇ ਪਾਸੇ ਇਨ੍ਹਾਂ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ (Punjabi University) ਪ੍ਰਸ਼ਾਸਨ ਤੇ ਦੁੱਧ ਵਿੱਚ ਵੱਡਾ ਘਪਲਾ ਕਰਨ ਦੇ ਦੋਸ਼ ਵੀ ਲਗਾਏ ਨੇ ਇਸ ਮਾਮਲੇ ਨੂੰ ਲੈ ਕੇ ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਬਿਨਾਂ ਟੈਂਡਰ ਪਾਏ ਦੁੱਧ ਦੇ ਰੇਟ ਵਧਾ ਦਿੱਤੇ ਹਨ | ਵੱਖ ਵੱਖ ਕੰਟੀਨਾਂ ਅਤੇ ਹੋਸਟਲਾਂ ਵਿੱਚ ਪਹੁੰਚ ਰਹੇ ਦੁੱਧ ਵਿਚ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵੱਡਾ ਘਪਲਾ ਕੀਤਾ ਗਿਆ |