ਚੰਡੀਗੜ੍ਹ, 6 ਜੂਨ 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੂੰ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਦੇ ਰਾਸ਼ਟਰਪਤੀ ਚੰਦਰਕੀਪ੍ਰਸਾਦ ਸੰਤੋਖੀ ਨੇ ਮਜ਼ਬੂਤ ਦੁਵੱਲੇ ਸਬੰਧਾਂ ‘ਤੇ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ ਹੈ ।ਗ੍ਰਹਿ ਮੰਤਰਾਲੇ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਰਾਸ਼ਟਰਪਤੀ ਸੰਤੋਖੀ ਦੁਆਰਾ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਗ੍ਰੈਂਡ ਆਰਡਰ ਆਫ ਦਿ ਯੈਲੋ ਸਟਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤ ਅਤੇ ਸੂਰੀਨਾਮ ਦਰਮਿਆਨ ਦੁਵੱਲੇ ਸਬੰਧ ਬਹੁਤ ਮਜ਼ਬੂਤ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੁਰਮੂ ਨੇ ਸਨਮਾਨ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਕਾਰਨ ਮੈਂ ਬਹੁਤ ਖੁਸ਼ ਹਾਂ। ਨਾ ਸਿਰਫ ਮੈਂ ਸਗੋਂ 140 ਕਰੋੜ ਭਾਰਤੀ ਇਸ ਸਨਮਾਨ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਇਸ ਸਨਮਾਨ ਦਾ ਸਿਹਰਾ ਇੰਡੋ-ਸੂਰੀਨਾਮੀ ਭਾਈਚਾਰੇ ਦੇ ਲੋਕਾਂ ਨੂੰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਸਾਡੇ ਰਿਸ਼ਤੇ ਹੋਰ ਮਜ਼ਬੂਤ ਹੋਏ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਵੀ ਰਾਸ਼ਟਰਪਤੀ (President Draupadi Murmu ) ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਗ੍ਰੈਂਡ ਆਰਡਰ ਆਫ ਯੈਲੋ ਸਟਾਰ ਨਾਲ ਸਨਮਾਨਿਤ ਹੋਣ ਲਈ ਤੁਹਾਨੂੰ ਰਾਸ਼ਟਰਪਤੀ ਨੂੰ ਬਹੁਤ-ਬਹੁਤ ਵਧਾਈਆਂ। ਸੂਰੀਨਾਮ ਦੀ ਸਰਕਾਰ ਅਤੇ ਉਥੋਂ ਦੇ ਲੋਕਾਂ ਵੱਲੋਂ ਇਹ ਵਿਸ਼ੇਸ਼ ਸਨਮਾਨ ਦੋਵਾਂ ਦੇਸ਼ਾਂ ਦਰਮਿਆਨ ਸਥਾਈ ਦੋਸਤੀ ਦਾ ਪ੍ਰਤੀਕ ਹੈ।