ਓ.ਪੀ. ਸੋਨੀ

ਓ.ਪੀ. ਸੋਨੀ ਨੇ ਨਵੇਂ ਭਰਤੀ ਹੋਏ ਵਾਰਡ ਅਟੈਂਡੈਂਟਾਂ ਨੂੰ ਸੌਂਪੇ ਨਿਯੁਕਤੀ ਪੱਤਰ 

ਚੰਡੀਗੜ੍ਹ, 5 ਜਨਵਰੀ  2022 : ਓਮਿਕਰੋਨ ਦੇ ਖਤਰੇ ਅਤੇ ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਵਿਚਕਾਰ, ਉਪ ਮੁੱਖ ਮੰਤਰੀ ਪੰਜਾਬ ਓਪੀ ਸੋਨੀ ਨੇ ਪੰਜਾਬ ਦੇ ਸਿਹਤ ਵਿਭਾਗ ਅਧੀਨ ਅੱਜ 308 ਵਾਰਡ ਅਟੈਂਡੈਂਟਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਭਰਤੀ ਮੁਹਿੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਅਤੇ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਵੱਲੋਂ ਚੱਲ ਰਹੀ ਭਰਤੀ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ 800 ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਸੀ ਅਤੇ ਅੱਜ ਪਹਿਲੇ ਪੜਾਅ ਵਿੱਚ 308 ਨੂੰ ਨਿਯੁਕਤੀਆਂ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਇਹ ਬਹੁਤ ਵੱਡੀ ਪਹਿਲ ਹੈ ਕਿ ਇਨ੍ਹਾਂ ਅਸਾਮੀਆਂ ਨੂੰ  20 ਸਾਲਾਂ ਤੋਂ ਵੀ ਵੱਧ ਦੇ ਲੰਬੇ ਵਕਫ਼ੇ ਉਪਰੰਤ ਭਰਿਆ ਗਿਆ ਹੈ । ਇਸ ਤਰ੍ਹਾਂ ਇਹ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ। ਸੋਨੀ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਇਹ ਸਾਰੀਆਂ ਨਿਯੁਕਤੀਆਂ ਯੋਗਤਾ ਦੇ ਆਧਾਰ ’ਤੇ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ।
 ਸੋਨੀ ਨੇ ਸਿਹਤ ਵਿਭਾਗ ਵਿੱਚ ਨਵੇਂ ਨਿਯੁਕਤ ਕੀਤੇ ਗਏ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਇਸ ਮਹਾਂਮਾਰੀ ਦੀ ਘੜੀ ਵਿੱਚ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ। ਰਾਜ ਕਮਲ ਚੌਧਰੀ ਪ੍ਰਮੁੱਖ ਸਕੱਤਰ ਸਿਹਤ, ਨੇ ਨਵੇਂ ਭਰਤੀ ਹੋਏ ਕਰਮਚਾਰੀਆਂ ਨੂੰ ਕੁਸ਼ਲਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹ ਕਿ ਉਹ ਪੰਜਾਬ ਦੀਆਂ ਜਨਤਕ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਤਾਂ ਜੋ ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਾਪਤ ਹੋਣ। ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ.ਜੀ.ਬੀ. ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ.ਓ.ਪੀ.ਗੋਜਰਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ
Scroll to Top