ਹੁਸ਼ਿਆਰਪੁਰ 22 ਨਵੰਬਰ 2022: ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰ ਨੂੰ ਹੋਰ ਬਿਹਤਰ, ਸੁੰਦਰ ਤੇ ਸਾਫ-ਸੁਥਰਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ, ਇਸ ਲਈ ਸ਼ਹਿਰ ਵਿਚ ਪੈਡਿੰਗ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਸ਼ੁਰੂ ਕੀਤਾ ਜਾਵੇਗਾ। ਬ੍ਰਮ ਸ਼ੰਕਰ ਜਿੰਪਾ ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਹਰਮੀਤ ਸਿੰਘ ਔਲਖ ਨਾਲ ਨਗਰ ਸੁਧਾਰ ਟਰੱਸਟ ਦੀਆਂ ਸਕੀਮਾਂ ਵਾਲੀਆਂ ਥਾਵਾਂ ਦਾ ਦੌਰਾ ਕਰਨ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਨੂੰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਇਕ ਮਿਹਨਤੀ ਤੇ ਇਮਾਨਦਾਰ ਵਿਅਕਤੀ ਮਿਲੇ ਹਨ, ਜਿਨ੍ਹਾਂ ਦਾ ਉਦੇਸ਼ ਕੇਵਲ ਲੋਕ ਸੇਵਾ ਹੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਨਵ-ਨਿਯੁਕਤ ਚੇਅਰਮੈਨ ਨਾਲ ਹੁਸ਼ਿਆਰਪੁਰ ਦੀਆਂ ਨਗਰ ਸੁਧਾਰ ਟਰੱਸਟ ਸਕੀਮਾਂ ਦਾ ਦੌਰਾ ਕਰ ਰਹੇ ਹਨ, ਤਾਂ ਜੋ ਲੋਕਾਂ ਤੱਕ ਘੱਟ ਸਮੇਂ ਵਿਚ ਵੱਧ ਤੋਂ ਵੱਧ ਸੁਵਿਧਾਵਾਂ ਪਹੁੰਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸੁੰਦਰ ਤੇ ਸਾਫ-ਸੁਥਰਾ ਬਣਾਉਣ ਵਿਚ ਨਗਰ ਸੁਧਾਰ ਟਰੱਸਟ ਦੀਆਂ ਸਕੀਮਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਟਰੱਸਟ ਨੂੰ ਨਾਲ ਲੈ ਕੇ ਹੁਸ਼ਿਆਰਪੁਰ ਨੂੰ ਸੁੰਦਰ ਸ਼ਹਿਰਾਂ ਦੀ ਸ਼੍ਰੇਣੀ ਵਿਚ ਪਹਿਲੇ ਸਥਾਨ ’ਤੇ ਖੜ੍ਹਾ ਕੀਤਾ ਜਾਵੇਗਾ।
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਨੇ ਇਸ ਮੌਕੇ ਕਿਹਾ ਕਿ ਨਗਰ ਸੁਧਾਰ ਟਰੱਸਟ ਦੀਆਂ ਸਾਰੀਆਂ ਸਕੀਮਾਂ ਦਾ ਦੌਰਾ ਕਰਕੇ ਉਥੇ ਦੀਆਂ ਕਮੀਆਂ ਅਤੇ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਬੰਦ ਪਈਆਂ ਸਕੀਮਾਂ ਨੂੰ ਸ਼ੁਰੂ ਕਰਕੇ ਇਥੇ ਪੈਡਿੰਗ ਕਲੋਨੀਆਂ, ਸ਼ਾਪਿੰਗ ਕੰਪਲੈਕਸਾਂ, ਸੜਕਾਂ ਅਤੇ ਹੋਰ ਸੁਵਿਧਾਵਾਂ ਸਬੰਧੀ ਕਾਰਜ ਪੂਰੇ ਕੀਤੇ ਜਾਣਗੇ। ਇਸ ਮੌਕੇ ਕੌਂਸਲਰ ਬਲਵਿੰਦਰ ਸਿੰਘ ਬਿੰਦੀ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਐਕਸੀਅਨ ਕੁਲਦੀਪ ਸਿੰਘ, ਕਮਲਜੀਤ ਕੰਮਾ, ਅਜੀਤ ਸਿੰਘ ਲੱਕੀ, ਵਰਿੰਦਰ ਵੈਦ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।