ਚੰਡੀਗੜ੍ਹ 29 ਮਾਰਚ 2022: ਨਵਜੋਤ ਸਿੱਧੂ (Navjot Sidhu) ਅੱਜ ਲੁਧਿਆਣਾ ‘ਚ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਮੀਟਿੰਗ ਕਰਨਗੇ। ਸਿੱਧੂ ਨੇ ਕਰੀਬੀ ਕਾਂਗਰਸੀ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਹੈ। ਇੱਕ ਹਫ਼ਤੇ ਅੰਦਰ ਸਿੱਧੂ ਸਮਰਥਕਾਂ ਦੀ ਇਹ ਦੂਜੀ ਮੀਟਿੰਗ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਰਦਾਰੀ ਵਾਪਸ ਲੈਣ ਲਈ ਸਿੱਧੂ ਹਾਈਕਮਾਂਡ ਨੂੰ ਆਪਣੀ ਤਾਕਤ ਦਿਖਾ ਰਹੇ ਹਨ। ਪੰਜਾਬ ਦੀਆਂ ਚੋਣਾਂ ‘ਚ ਕਾਂਗਰਸ ਦੀ ਹਾਰ ਹੋਈ ਹੈ। ਹਾਲਾਂਕਿ ਸਿੱਧੂ ਅਤੇ ਉਨ੍ਹਾਂ ਦੇ ਸਮਰਥਕ ਇਸ ਦਾ ਦੋਸ਼ ਚਰਨਜੀਤ ਚੰਨੀ ‘ਤੇ ਮੜ੍ਹ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਇਹ ਚੋਣ ਚੰਨੀ ਦੇ 111 ਦਿਨਾਂ ਦੇ ਮੁੱਖ ਮੰਤਰੀ ਕਾਰਜਕਾਲ ‘ਤੇ ਲੜੀ ਗਈ ਸੀ। ਚੰਨੀ ਚੋਣਾਂ ‘ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਸੀ। ਇਸ ਲਈ ਹਾਰ ਦੀ ਜ਼ਿੰਮੇਵਾਰੀ ਵੀ ਚੰਨੀ ਦੀ ਹੀ ਹੈ।
ਜਿਕਰਯੋਗ ਹੈ ਕਿ ਨਵਜੋਤ ਸਿੱਧੂ (Navjot Sidhu) ਨੇ ਤਿੰਨ ਦਿਨ ਪਹਿਲਾਂ ਸੁਲਤਾਨਪੁਰ ਲੋਧੀ ‘ਚ ਮੀਟਿੰਗ ਕੀਤੀ ਸੀ। ਜਿੱਥੇ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਅਤੇ ਬਲਵਿੰਦਰ ਧਾਲੀਵਾਲ ਤੋਂ ਇਲਾਵਾ 20 ਦੇ ਕਰੀਬ ਕਾਂਗਰਸੀ ਆਗੂ ਹਾਜ਼ਰ ਹੋਏ। ਬਾਕੀ ਸਭ ਚੋਣਾਂ ‘ਚ ਹਾਰੇ ਸਨ। ਜਿਸ ‘ਚ ਨਵਤੇਜ ਚੀਮਾ ਅਤੇ ਗੁਰਪ੍ਰੀਤ ਜੀਪੀ ਚੰਨੀ ਖਿਲਾਫ ਖੁੱਲ ਕੇ ਬਿਆਨਬਾਜ਼ੀ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਨੇਤਾਵਾਂ ਦਾ ਮੰਨਣਾ ਹੈ ਕਿ ਜੇਕਰ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੁੰਦਾ ਤਾਂ ‘ਆਪ’ ਪੰਜਾਬ ਅਤੇ ਖਾਸ ਕਰਕੇ ਮਾਲਵੇ ‘ਚ ਸੁਨਾਮੀ ਨੂੰ ਰੋਕ ਸਕਦੀ ਸੀ। ਸਿੱਧੂ ਤੋਂ ਬਾਅਦ ਪੰਜਾਬ ‘ਚ ਖੁਸ਼ਹਾਲੀ ਅਤੇ ਮਾਫੀਆ ਦੇ ਖਾਤਮੇ ਦਾ ਮਾਡਲ ਸਾਹਮਣੇ ਆਇਆ।