ਚੰਡੀਗੜ੍ਹ 20 ਜੁਲਾਈ 2022: ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਹੁਦੇ ਉਤੇ ਰਹਿੰਦਿਆਂ ਆਪਣੀ ਨਿੱਜੀ ਕੰਪਨੀ ਨੂੰ ਲਾਭ ਪਹੁੰਚਾਉਣ ਦੇ ਦੋਸ਼ ਹੇਠ ਸ਼ਹਿਰੀ ਵਿਕਾਸ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਅੱਜ ਯਾਨੀ 20 ਦਸੰਬਰ ਸ਼ਾਮ 4 ਵਜੇ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਹੈ।
ਇਸ ਮਾਮਲੇ ਨੂੰ ਲੈ ਕੇ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ 15 ਸਤੰਬਰ 2022 ਸਬੰਧੀ ਜੀਤੀ ਸਿੱਧੂ ਵੱਲੋਂ ਪੇਸ਼ ਕੀਤੇ ਜਵਾਬ ਮਿਤੀ 14.10.2022 ਵਿੱਚ ਨਿੱਜੀ ਸੁਣਵਾਈ ਦੇਣ ਸਬੰਧੀ ਕੀਤੀ ਬੇਨਤੀ ਨੂੰ ਵਿਚਾਰਦੇ ਹੋਏ ਸਥਾਨਕ ਸਰਕਾਰ ਮੰਤਰੀ ਵੱਲੋਂ 20 ਦਸੰਬਰ 2022 ਨੂੰ ਸ਼ਾਮ 4 ਵਜੇ ਉਨ੍ਹਾਂ ਦੇ ਦਫ਼ਤਰ, ਪੰਜਾਬ ਮਿਊਂਸਪਲ ਭਵਨ, ਸੈਕਟਰ 35 ਚੰਡੀਗੜ੍ਹ ਵਿਖੇ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਹੈ। ਵਿਭਾਗ ਵੱਲੋਂ ਨਿਸ਼ਚਿਤ ਮਿਤੀ ਅਤੇ ਸਮੇਂ ਸਿਰ ਪਹੁੰਚਣ ਲਈ ਕਿਹਾ ਗਿਆ ਹੈ।
ਸਥਾਨਕ ਸਰਕਾਰ ਵਿਭਾਗ ਵਲੋਂ ਜੀਤੀ ਸਿੱਧੂ ਦੀ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਉਨ੍ਹਾਂ ਦੀ ਮੈਂਬਰਸ਼ਿੱਪ ਖ਼ਾਰਜ ਕੀਤੀ ਜਾਂਦੀ ਹੈ ਜਾਂ ਬਰੀ ਕੀਤਾ ਜਾਂਦਾ ਹੈ | ਜੇਕਰ ਜੀਤੀ ਸਿੱਧੂ ਦੀ ਮੈਂਬਰਸ਼ਿੱਪ ਖ਼ਾਰਜ ਹੁੰਦੀ ਹੈ ਤਾਂ ਸਥਾਨਕ ਸਰਕਾਰ ਵਿਭਾਗ ਨਵੇਂ ਮੇਅਰ ਦੀ ਚੋਣ ਲਈ ਮੀਟਿੰਗ ਰੱਖ ਸਕਦਾ ਹੈ | ਦੂਜੇ ਪਾਸੇ ਰਾਹਤ ਨਾ ਮਿਲਣ ‘ਤੇ ਅਦਾਲਤ ਦਾ ਰੁਖ਼ ਕਰ ਸਕਦੇ ਹਨ | ਜੀਤੀ ਸਿੱਧੂ ਕੁਝ ਸਮੇ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਸਨ |
ਜੇਕਰ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਮਿਲਦੀ ਤਾਂ ਨਵੇਂ ਮੇਅਰ ਦੀ ਚੋਣ ਕੀਤੀ ਜਾਵੇਗੀ |ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਧੜੇ ਤੋਂ ਕੋਈ ਮੇਅਰ ਬਣ ਸਕਦਾ ਹੈ | ਇਸ ਮਾਮਲੇ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਦੇ ਧੜੇ ਨਾਲ ਵੀ ਸਹਿਮਤੀ ਪ੍ਰਗਟ ਕਰਦਿਆਂ 26 ਕੌਂਸਲਰਾਂ ਨੇ ਜੀਤੀ ਸਿੱਧੂ ਖ਼ਿਲਾਫ਼ ਦਸਤਖਤ ਕੀਤੇ ਸਨ।