ਲੁਧਿਆਣਾ 17 ਦਸੰਬਰ 2022: ਲੁਧਿਆਣਾ ਪੁਲਿਸ (Ludhiana police) ਨੇ ਨੌਰਵੇ ਦੇ ਨੌਜਵਾਨ ਐਸਪੇਨ ਦਾ ਮੋਬਾਇਲ ਬਰਾਮਦ ਕਰ ਲਿਆ ਹੈ ਅਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਉਸਨੂੰ ਇਹ ਮੋਬਾਇਲ ਸਪੁਰਦ ਕੀਤਾ ਗਿਆ ਹੈ । ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਪੇਨ ਸਾਈਕਲ ਉਤੇ ਵਿਸ਼ਵ ਦੀ ਸੈਰ ‘ਤੇ ਨਿਕਲਿਆ ਹੈ ਅਤੇ ਉਹ ਪਾਕਿਸਤਾਨ ਤੋਂ ਅੰਮ੍ਰਿਤਸਰ ਹੁੰਦਾ ਹੋਇਆ ਲੁਧਿਆਣਾ ਪਹੁੰਚਿਆ ਸੀ ਅਤੇ ਉਸਨੇ ਅੱਗੇ ਕਲਕੱਤਾ ਨੂੰ ਜਾਣਾ ਸੀ, ਪਰ ਲੁਧਿਆਣਾ ਵਿੱਚ ਉਸ ਦਾ ਮੋਬਾਇਲ ਖੋਹ ਲਿਆ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਮਾਮਲੇ ਨੂੰ 48 ਘੰਟਿਆਂ ਵਿਚ ਹੀ ਹੱਲ ਕਰ ਲਿਆ ਗਿਆ ਹੈ ਤੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ | ਇਸ ਮੌਕੇ ਨਾਰਵੇ ਦੇ ਵਸਨੀਕ ਐਸਪੇਨ ਨੇ ਲੁਧਿਆਣਾ ਪੁਲਿਸ ’ਤੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਐਸਪੇਨ ਨੇ ਲੁਧਿਆਣਾ ਪੁਲਿਸ ਦੀ ਸ਼ਲਾਘਾ ਕੀਤੀ।ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਸੀਂ ਨਾਰਵੇ ਵਾਸੀ ਦੀ ਮਦਦ ਕਰਨ ਵਾਲੇ ਮਧੂ ਪਾਂਡੇ ਤੇ ਸੰਦੀਪ ਮੰਡੌੜ ਦਾ ਵੀ ਸਨਮਾਨ ਕੀਤਾ ਹੈ | ਜਿਹਨਾਂ ਨੇ ਸਾਡੇ ਦੇਸ਼ ਦੇ ਇਸ ਮਹਿਮਾਨ ਦੀ ਮਦਦ ਕੀਤੀ ਤੇ ਇਸਨੁੰ ਆਰਜ਼ੀ ਤੌਰ ’ਤੇ ਮੋਬਾਈਲ ਵੀ ਲੈ ਕੇ ਦਿੱਤਾ।