July 7, 2024 5:06 pm
PUNSUP

ਪਟਿਆਲਾ ਵਿਖੇ ਪਨਸਪ ਦੇ ਗੁਦਾਮਾਂ ‘ਚ ਕੰਮ ਕਰਦੀ ਲੇਬਰ ਨੇ ਮਹਿਕਮੇ ‘ਤੇ 7 ਲੱਖ ਰੁਪਏ ਹੜੱਪਣ ਦੇ ਲਾਏ ਗੰਭੀਰ ਦੋਸ਼

ਪਟਿਆਲਾ 15 ਸਤੰਬਰ 2022: ਪਟਿਆਲਾ (Patiala) ਵਿਖੇ ਕੁਝ ਦਿਨ ਪਹਿਲਾਂ ਪਨਸਪ (PUNSUP) ਦੇ ਵਿੱਚ ਇੰਸਪੈਕਟਰ ਗੁਰਿੰਦਰ ਸਿੰਘ ਵੱਲੋਂ ਕੀਤੇ ਗਏ ਬਹੁ-ਕਰੋੜੀ ਕਣਕ ਘੁਟਾਲੇ ਦੇ ਮਾਮਲੇ ਨੇ ਹੁਣ ਇੱਕ ਨਵਾਂ ਮੋੜ ਲੈ ਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਪਨਸਪ ਦੇ ਇੰਸਪੈਕਟਰ ਗੁਰਿੰਦਰ ਸਿੰਘ ਵੱਲੋਂ ਜਿੱਥੇ ਕਣਕ ਨੂੰ ਖੁਰਦ ਬੁਰਦ ਕਰਕੇ ਕਰੋੜਾਂ ਰੁਪਏ ਦਾ ਪੰਜਾਬ ਸਰਕਾਰ ਨੂੰ ਚੂਨਾ ਲਗਾਇਆ, ਉਥੇ ਹੀ ਇਸ ਕਣਕ ਦੀ ਢੋਆ ਢੁਆਈ ਕਰਨ ਵਾਲੀ ਲੇਬਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾਉਂਣ ਦੇ ਦੋਸ਼ ਲੱਗੇ ਹਨ |

ਇਹ ਸਾਰੀ ਲੇਬਰ ਪਨਸਪ (PUNSUP) ਦੇ ਵੱਖ ਵੱਖ ਗੋਦਾਮਾਂ ਵਿਚ ਕੰਮ ਕਰਦੀ ਹੈ | ਇਹ ਸਾਰੀ ਲੇਬਰ ਅੱਜ ਪਟਿਆਲਾ ਵਿਖੇ ਪਹੁੰਚੀ, ਜਿੱਥੇ ਉਨ੍ਹਾਂ ਨੇ ਮੀਡੀਆ ਨੂੰ ਆਪਣੀ ਹੱਡਬੀਤੀ ਸੁਣਾਉਂਦਿਆਂ ਪਨਸਪ ਮਹਿਕਮੇ ਦੇ ਅਧਿਕਾਰੀਆਂ ਤੇ ਦੋਸ਼ ਲਗਾਏ ਕਿ ਉਨ੍ਹਾਂ ਦੀ ਤਕਰੀਬਨ ਸੱਤ ਲੱਖ ਤੋਂ ਵਧੇਰੇ ਦੀ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਗਿਆ |

ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਲੇਬਰ ਨੇ ਦੱਸਿਆ ਕਿ ਉਨ੍ਹਾਂ ਨੇ ਦਿਨ ਰਾਤ ਪਨਸਪ ਦੇ ਗੁਦਾਮਾਂ ਵਿੱਚ ਮਿਹਨਤ ਕੀਤੀ ਅਤੇ ਇਸ ਮਿਹਨਤ ਦਾ ਮੁੱਲ ਉਨ੍ਹਾਂ ਨੂੰ ਨਹੀਂ ਮਿਲਿਆ | ਜਿਸ ਕਰਕੇ ਉਨ੍ਹਾਂ ਦੇ ਘਰ ਦੇ ਚੁੱਲ੍ਹੇ ਵੀ ਠੰਢੇ ਪੈ ਗਏ ਹਨ |ਉੱਥੇ ਹੀ ਹੁਣ ਲੇਬਰ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਬਹੁਜਨ ਸਮਾਜ ਪਾਰਟੀ ਵੀ ਲੇਬਰ ਦੇ ਸਮਰਥਨ ਵਿੱਚ ਨਿੱਤਰ ਆਈ ਹੈ |

ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਜੋਗਾ ਸਿੰਘ ਪਨੋਂਦੀਆਂ ਨੇ ਕਿਹਾ ਕਿ ਪਨਸਪ ਦੇ ਗੁਦਾਮਾਂ ਵਿਚ ਕੰਮ ਕਰਨ ਵਾਲੀ ਲੇਬਰ ਦੇ ਤਕਰੀਬਨ ਸੱਤ ਲੱਖ ਤੋਂ ਵਧੇਰੇ ਦੀ ਰਾਸ਼ੀ ਜਾਰੀ ਕਰਵਾਉਣ ਲਈ ਉਹ ਕਈ ਵਾਰ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲੇ ਹਨ, ਪਰ ਉਨ੍ਹਾਂ ਨੂੰ ਕੋਈ ਵੀ ਠੋਸ ਜਵਾਬ ਮਹਿਕਮੇ ਵੱਲੋਂ ਨਹੀਂ ਦਿੱਤਾ ਗਿਆ |

ਉੱਥੇ ਹੀ ਬਹੁਜਨ ਸਮਾਜ ਪਾਰਟੀ ਅਤੇ ਲੇਬਰ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਬਣਦੀ ਰਾਸ਼ੀ ਨਹੀਂ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਪਨਸਪ ਦੇ ਗੁਦਾਮਾਂ ਅਤੇ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕਰਨਗੇ |