ਚੰਡੀਗੜ੍ਹ 26 ਦਸੰਬਰ 2022: ਮਦਰ ਡੇਅਰੀ (Mother Dairy) ਨੇ ਮੰਗਲਵਾਰ ਤੋਂ ਦਿੱਲੀ-ਐੱਨਸੀਆਰ ਬਾਜ਼ਾਰ ‘ਚ ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਮਹਿੰਗਾਈ ਵਧਣ ਦਾ ਹਵਾਲਾ ਦੇ ਕੇ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਮਦਰ ਡੇਅਰੀ ਨੇ ਇਸ ਸਾਲ 5ਵੀਂ ਵਾਰ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਹ ਕੰਪਨੀ ਦਿੱਲੀ-ਐਨਸੀਆਰ ਵਿੱਚ ਦੁੱਧ ਦੀ ਇੱਕ ਵੱਡੀ ਸਪਲਾਇਰ ਹੈ। ਇਹ ਰੋਜ਼ਾਨਾ ਕਰੀਬ 30 ਲੱਖ ਲੀਟਰ ਦੁੱਧ ਦੀ ਸਪਲਾਈ ਕਰਦੀ ਹੈ।
ਜਿਕਰਯੋਗ ਹੈ ਕਿ ਮਦਰ ਡੇਅਰੀ (Mother Dairy) ਨੇ ਸਾਲ 2022 ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਪੰਜ ਵਾਰ ਵਾਧਾ ਕੀਤਾ ਹੈ। ਤਾਜ਼ਾ ਵਾਧੇ ਤੋਂ ਪਹਿਲਾਂ ਮਾਰਚ, ਅਗਸਤ, ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਲਗਾਤਾਰ ਵੱਧ ਰਹੀਆਂ ਕੀਮਤਾਂ ‘ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਦੁੱਧ ਵਰਗੀ ਜ਼ਰੂਰੀ ਚੀਜ਼ ਹੁਣ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ।
ਮਦਰ ਡੇਅਰੀ ਨੇ ਫੁੱਲ ਕਰੀਮ ਦੁੱਧ ਦੀ ਕੀਮਤ 2 ਰੁਪਏ ਵਧਾ ਕੇ 66 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ, ਜਦਕਿ ਟੋਨਡ ਦੁੱਧ ਦੀ ਕੀਮਤ 51 ਰੁਪਏ ਤੋਂ ਵਧਾ ਕੇ 53 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ। ਡਬਲ ਟਨ ਦੁੱਧ ਦੀ ਕੀਮਤ 45 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 47 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਮਦਰ ਡੇਅਰੀ ਨੇ ਗਾਂ ਦੇ ਦੁੱਧ ਅਤੇ ਟੋਕਨ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।