ਚੰਡੀਗੜ੍ਹ 29 ਅਗਸਤ 2022: ਕੱਚੇ ਤੇਲ ਦੀਆਂ ਕੀਮਤਾਂ (Crude oil prices) ‘ਚ ਵਾਧਾ ਲਗਾਤਾਰ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਅੰਤਰਰਾਸ਼ਟਰੀ ਬਜ਼ਾਰ ਵਿੱਚ ਤੇਲ ਦੀਆਂ ਕੀਮਤਾਂ 1 ਫੀਸਦੀ ਵਧੀਆਂ। ਯੂਐਸ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂਟੀਆਈ) ਕਰੂਡ ਫਿਊਚਰ 45 ਸੈਂਟ ਜਾਂ 0.48 ਫੀਸਦੀ ਵਧ ਕੇ 93.51 ਡਾਲਰ ਪ੍ਰਤੀ ਬੈਰਲ ਹੋ ਗਿਆ। ਇਹ ਵਾਧਾ ਪਿਛਲੇ ਹਫਤੇ ਦੇ ਮੁਕਾਬਲੇ 2.5 ਫੀਸਦੀ ਸੀ।
ਦੂਜੇ ਪਾਸੇ ਬ੍ਰੈਂਟ ਕਰੂਡ ਫਿਊਚਰਜ਼ 16 ਸੈਂਟ ਜਾਂ 0.16 ਫੀਸਦੀ ਵਧ ਕੇ 101.15 ਡਾਲਰ ਪ੍ਰਤੀ ਬੈਰਲ ਹੋ ਗਿਆ। ਇਹ ਪਿਛਲੇ ਹਫਤੇ ਦੇ ਮੁਕਾਬਲੇ 4.4 ਫੀਸਦੀ ਦਾ ਵਾਧਾ ਸੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਭਾਰਤੀ ਤੇਲ ਕੰਪਨੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਜੇਕਰ ਅੰਤਰਰਾਸ਼ਟਰੀ ਬਾਜ਼ਾਰ ‘ਚ ਤੇਲ ਦੀਆਂ ਕੀਮਤਾਂ ਵਧਣ ਦਾ ਇਹ ਸਿਲਸਿਲਾ ਜਾਰੀ ਰਿਹਾ ਤਾਂ ਭਾਰਤੀ ਤੇਲ ਕੰਪਨੀਆਂ ‘ਤੇ ਦਬਾਅ ਵਧੇਗਾ।
ਅਜਿਹੇ ‘ਚ ਜੇਕਰ ਦੇਸ਼ ‘ਚ ਤੇਲ ਦੀਆਂ ਕੀਮਤਾਂ (oil prices) ਵਧਦੀਆਂ ਹਨ ਤਾਂ ਇਸ ਦਾ ਹਰ ਪਾਸੇ ਅਸਰ ਹੋਣਾ ਯਕੀਨੀ ਹੈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਇਸ ਸਮੇਂ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਸਥਿਰ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ 96.72 ਰੁਪਏ ਜਦਕਿ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਰਹੀ।