Bharatiya Kisan Union

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੱਕਾ ਮੋਰਚਾ ਉੱਨੀਵੇਂ ਦਿਨ ਵੀ ਰਿਹਾ ਜਾਰੀ

ਸੰਗਰੂਰ 28 ਅਕਤੂਬਰ 2022: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੱਕੇ ਮੋਰਚੇ ਦੇ ਉੱਨੀਵੇਂ ਦਿਨ ਵੱਡੀ ਗਿਣਤੀ ‘ਚ ਕਿਸਾਨ ਔਰਤਾਂ ਤੇ ਕਿਸਾਨਾਂ ਨੇ ਹਾਜ਼ਰੀ ਲਵਾਈ।ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ 29 ਅਕਤੂਬਰ ਦੇ ਇਕੱਠ ਸਬੰਧੀ ਕਿਹਾ ਕਿ ਇਹ ਲੜਾਈ ਨਿੱਜੀਕਰਨ ਦੀ ਨੀਤੀ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਸਾਡੀਆਂ ਮੌਜੂਦਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ‘ਤੇ ਨਿੱਜੀਕਰਨ ਦੀ ਨੀਤੀ ਦਾ ਕੁਹਾੜਾ ਸਾਡੇ ਕਿਰਤੀ ਲੋਕਾਂ ‘ਤੇ ਵਰ੍ਹਾ ਰਹੀਆਂ ਹਨ।

ਸਰਕਾਰ ਨਿੱਜੀਕਰਨ ਦੀ ਨੀਤੀ ‘ਤੇ ਚਲਦੀ ਹੋਈ ਪਹਿਲਾਂ ਲੋਕਾਂ ਦੀ ਸਹੂਲਤ ਖਾਤਰ ਬਣੇ ਪਬਲਿਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿਚ ਦੇ ਰਹੀ ਹੈ ਪਰ ਹੁਣ ਉਸੇ ਕੜੀ ਵਿੱਚ ਅੱਗੇ ਵਧਦਿਆਂ ਖ਼ੁਰਾਕੀ ਵਸਤੂਆਂ ਦਾ ਪੂਰਾ ਅਧਿਕਾਰ ਵੀ ਕਾਰਪੋਰੇਟਾਂ ਦੇ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ। ਉਦਾਹਰਣ ਵਜੋਂ ਕਿਸਾਨ ਆਪਣੇ ਖੇਤ ਵਿੱਚ ਸਰ੍ਹੋਂ ਤਾ ਪੈਦਾ ਕਰ ਸਕਦਾ ਹੈ ਪਰ ਆਪਣੇ ਘਰ ਵਿਚ ਕੋਹਲੂ ਲਾ ਕੇ ਉਸ ਵਿਚੋਂ ਤੇਲ ਕੱਢ ਕੇ ਬਾਜ਼ਾਰ ਵਿੱਚ ਨਹੀਂ ਵੇਚ ਸਕਦਾ।

ਇਸੇ ਤਰ੍ਹਾਂ ਹੋਰ ਖ਼ੁਰਾਕੀ ਵਸਤੂਆਂ ‘ਤੇ ਵੀ ਨਿੱਜੀਕਰਨ ਦੀ ਨੀਤੀ ਰਾਹੀਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਉਲਟ ਨਿੱਜੀਕਰਨ ਦੀ ਨੀਤੀ ਰਾਹੀਂ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦਾ ਕੱਚਾ ਮਾਲ ਲੁਟਾ ਕੇ ਉਸ ਨੂੰ ਪਕਾ ਕੇ ਵੱਡੇ ਮੁਨਾਫ਼ੇ ਕਮਾਉਣ ਲਈ ਖੁੱਲ੍ਹੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਕੱਢੀਆਂ ਜਾ ਰਹੀਆਂ ਸੜਕਾਂ ਬਾਰੇ ਬੋਲਦਿਆਂ ਕਿਹਾ ਜਿਸ ਵਿੱਚ ਦਸ ਹਜ਼ਾਰ ਏਕੜ ਕਰੀਬ ਕਿਸਾਨਾਂ ਦੀ ਜ਼ਮੀਨ ਸਸਤੇ ਭਾਵਾਂ ‘ਤੇ ਖੋਹ ਕੇ ਸੜਕ ਬਣਾਉਣ ਵਾਸਤੇ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਜ਼ਮੀਨ ਦੇ ਉਚਿਤ ਮੁੱਲ ਦੇਣ ਵਿਚ ਵਿਤਕਰਾ ਕੀਤਾ ਜਾ ਰਿਹਾ ਹੈ।

ਸਵਾਲ ਕੱਲਾ ਪੈਸੇ ਦਾ ਨਹੀਂ ਸਗੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਉਦਾਹਰਣ ਲਈ ਬਠਿੰਡਾ ਵਿਖੇ ਛਾਉਣੀ ਬਣਾਉਣ ਲਈ ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਜਿਸ ਵਿੱਚ ਪਿੰਡ ਮਹਿਣਾ ਦੀ ਸਾਰੀ ਜ਼ਮੀਨ ਆਉਣ ਕਰਕੇ ਪਿੰਡ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਹੈ। ਇਸ ਤੋਂ ਵੀ ਅੱਗੇ ਪੰਜਾਬ ਵਿੱਚ ਜ਼ਮੀਨਾਂ ਦੀ ਕਾਣੀ ਵੰਡ ਹੋਣ ਕਰਕੇ ਆਮਦਨ ਦੇ ਵਸੀਲੇ ਪਹਿਲਾਂ ਹੀ ਘੱਟ ਹਨ।

ਇਹ ਆਮਦਨ ਦੇ ਵਸੀਲੇ ਵੀ ਕਿਸਾਨਾਂ ਤੋਂ ਖੋਹੇ ਜਾ ਰਹੇ ਹਨ। ਦਸ ਹਜਾਰ ਏਕੜ ਜ਼ਮੀਨ ਤਾਂ ਸਿੱਧੀ ਸੜਕਾਂ ਹੇਠ ਰੋਕੀ ਜਾਣੀ ਹੈ ਤੇ ਇਸ ਤੋਂ ਇਲਾਵਾ ਇੰਨੀਂ ਹੀ ਹੋਰ ਪਾਸੇ ਆਉਣ ਨਾਲ ਪੰਜਾਬ ਵਿਚ ਅੰਨ ਦਾ ਸੰਕਟ ਹੋਰ ਵਧੇਗਾ। ਫਿਰ ਅੰਨ ‘ਤੇ ਕਬਜ਼ਾ ਕਰਕੇ ਭੁੱਖ ਨਾਲ ਮਰਨ ਲਈ ਮਜ਼ਬੂਰ ਕਰਨਾ ਹੈ।ਅੱਜ ਦੀ ਸਟੇਜ ਤੋਂ ਧਰਮਕੋਟ ਬਲਾਕ ਦੇ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ, ਮੁਕਤਸਰ ਜ਼ਿਲ੍ਹੇ ਤੋਂ ਮਲਕੀਤ ਸਿੰਘ ਔਘੜ ਨੇ ਵੀ ਸੰਬੋਧਨ ਕੀਤਾ ਅੱਜ ਸਟੇਜ ਸਕੱਤਰ ਦੀ ਭੂਮਿਕਾ ਮਾਨਸਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਨਿਭਾਈ।

Scroll to Top