ਚੰਡੀਗੜ੍ਹ, 31 ਮਾਰਚ 2022 : ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਬਠਿੰਡਾ ਦੇ ਪਿੰਡ ਕੋਠੇ ਗੁਰੂ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਬੀਤੇ ਦਿਨ ਪਿੰਡ ਕੋਠੇ ਗੁਰੂ ‘ਚ ਕਬੱਡੀ ਟੂਰਨਾਮੈਂਟ ਦੌਰਾਨ ਫਾਈਰਿੰਗ ਹੋਈ। ਕੁੱਝ ਅਣਪਛਾਤੇ ਲੋਕਾਂ ਵਲੋਂ ਚੱਲਦੇ ਟੂਰਨਾਮੈਂਟ ‘ਚ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਹਨ, ਕਿਹਾ ਜਾ ਰਿਹਾ ਹੈ ਕਿ ਇਹ ਟੂਰਨਾਮੈਂਟ ਭਗਤਾ ਭਾਈਕੇ ਦੇ ਨਜ਼ਦੀਕ ਕਰਵਾਇਆ ਜਾ ਰਿਹਾ ਸੀ, ਫਾਈਰਿੰਗ ‘ਚ ਦੋ ਨੌਜਵਾਨ ਜ਼ਖਮੀ ਹੋਏ ਹਨ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਪਿੰਡ ਮੱਲ੍ਹੀਆਂ ’ਚ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ
ਬਾਅਦ ਦਵਿੰਦਰ ਬੰਬੀਹਾ ਗਰੁੱਪ ਨੇ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਦਵਿੰਦਰ ਬੰਬੀਹਾ ਗਰੁੱਪ ਨੇ ਆਪਣੇ ਵਿਰੋਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਵੀ ਦਿੱਤੀ ਹੈ। ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁਕ ਆਈ.ਡੀ. ’ਤੇ ਲਿਖਿਆ ; ਬੀਤੇ ਦਿਨੀਂ ਜਿਹੜਾ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਸ ਦੀ ਜ਼ਿੰਮੇਵਾਰੀ ਕੌਸ਼ਰ ਚੌਧਰੀ ਗੁੜਗਾਓਂ, ਫਤਿਹ ਨਗਰੀ ਬੰਬੀਹਾ ਗਰੁੱਪ ਚੁੱਕ ਰਹੇ ਹਨ।
ਉਨ੍ਹਾਂ ਲਿਖਿਆ ਇਹ ਕਬੱਡੀ ਖਿਡਾਰੀਆਂ ਨੂੰ ਜ਼ਬਰਦਸਤੀ ਨਸ਼ੇ ਦੇ ਟੀਕੇ ਲਗਾ ਕੇ ਖਿਡਾਉਂਦਾ ਸੀ ਤੇ ਉਨ੍ਹਾਂ ਨੂੰ ਧੱਕੇ ਨਾਲ ਖੇਡਣ ਲਈ ਮਜ਼ਬੂਰ ਕਰਦਾ ਸੀ। ਇਹ ਜੱਗੂ ਦਾ ਸਾਥੀ ਸੀ। ਇਸ ਨੂੰ ਸਮਝਾਇਆ ਵੀ ਸੀ ਪਰ ਇਹ ਨਹੀਂ ਹਟਿਆ। ਉਨ੍ਹਾਂ ਲਿਖਿਆ ਜੱਗੂ ਨੇ ਆਪਣੀ ਪੋਸਟ ਵਿਚ ਮੰਨਿਆ ਵੀ ਹੈ ਕਿ ਇਹ ਉਸ ਦਾ ਭਰਾ ਸੀ ,ਉਹ ਕਬੱਡੀ ਨੂੰ ਪ੍ਰਮੋਟ ਕਰਦਾ ਹੈ। ਇਹ ਉਸ ਦਾ ਸਾਥੀ ਸੀ, ਇਸ ਲਈ ਮਾਰਿਆ ਗਿਆ। ਇਸ ਪੋਸਟ ਵਿਚ ਲਾਰੈਂਸ ਬਿਸ਼ਨੋਈ ਨੂੰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ।