ਚੰਡੀਗੜ੍ਹ, 18 ਜਨਵਰੀ 2022 : ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੁਖੀ ਵੀ ਹਨ ਅਤੇ ਪੰਜਾਬ ਵਿੱਚ ਪਾਰਟੀ ਦਾ ਸਭ ਤੋਂ ਹਰਮਨ ਪਿਆਰਾ ਚਿਹਰਾ ਹਨ। ਉਹ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਦੂਜੀ ਵਾਰ ਸੰਸਦ ਮੈਂਬਰ ਬਣੇ ਹਨ। ਖਾਸ ਗੱਲ ਇਹ ਹੈ ਕਿ ਭਗਵੰਤ ਮਾਨ ਪਹਿਲੀ ਵਾਰ 2014 ‘ਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਸੰਗਰੂਰ ਤੋਂ ਲੋਕ ਸਭਾ ਪਹੁੰਚੇ ਸਨ ਪਰ 2019 ਦੀਆਂ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੇਸ਼ ਭਰ ‘ਚ ਸਿਰਫ ਇਕ ਲੋਕ ਸਭਾ ਸੀਟ ਹੀ ਜਿੱਤ ਸਕੀ ਸੀ ਅਤੇ ਉਹ ਸੀ ਸੰਗਰੂਰ ਦੀ। ਲੋਕ ਸਭਾ ਸੀਟ ਭਗਵੰਤ ਮਾਨ ਨੇ ਜਿੱਤੀ ਸੀ।
ਆਮ ਆਦਮੀ ਪਾਰਟੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਪੰਜਾਬ ਵਿੱਚ ਭਗਵੰਤ ਮਾਨ ਸਭ ਤੋਂ ਮਜ਼ਬੂਤ ਚਿਹਰਾ ਹੈ। ਖਾਸ ਤੌਰ ‘ਤੇ ਪਟਿਆਲਾ ‘ਚ ਜਦੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਸ਼ਾਂਤੀ ਮਾਰਚ ਨਿਕਲ ਰਿਹਾ ਸੀ ਤਾਂ ਪਾਰਟੀ ਦੇ ਸਾਰੇ ਆਗੂ, ਵਰਕਰ ਅਤੇ ਸਮਰਥਕ ਅੱਗੇ-ਪਿੱਛੇ ਜਾਂ ਇਧਰ-ਉਧਰ ਘੁੰਮ ਰਹੇ ਸਨ, ਜਦਕਿ ਸਿਰਫ਼ ਭਗਵੰਤ ਮਾਨ ਹੀ ਅਰਵਿੰਦ ਕੇਜਰੀਵਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਸਨ। ਇੰਨਾ ਹੀ ਨਹੀਂ ਸ਼ਾਂਤੀ ਮਾਰਚ ਤੋਂ ਬਾਅਦ ਜਦੋਂ ਅਰਵਿੰਦ ਕੇਜਰੀਵਾਲ ਭਾਸ਼ਣ ਦੇਣ ਲਈ ਟਰੱਕ ‘ਤੇ ਚੜ੍ਹੇ ਤਾਂ ਉਨ੍ਹਾਂ ਦੇ ਨਾਲ ਸਿਰਫ ਭਗਵੰਤ ਮਾਨ ਹੀ ਸਨ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਹਾਂ ਨੇ ਭਾਸ਼ਣ ਦਿੱਤੇ। ਜਦੋਂ ਕਿ ਇਸ ਤੋਂ ਪਹਿਲਾਂ ਪਾਰਟੀ ਦੀ ਪੰਜਾਬ ਇਕਾਈ ਦੀ ਚੋਟੀ ਦੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਦੇ ਦੁਆਲੇ ਹੀ ਘੁੰਮਦੀ ਸੀ।
ਭਗਵੰਤ ਮਾਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਕਾਮੇਡੀਅਨ ਵਜੋਂ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਅੰਤਰ ਕਾਲਜ ਮੁਕਾਬਲੇ ਦੌਰਾਨ ਦੋ ਸੋਨ ਤਗਮੇ ਜਿੱਤੇ। ਜਗਤਾਰ ਜੱਗੀ ਨਾਲ ਉਸ ਦੀ ਪਹਿਲੀ ਕਾਮੇਡੀ ਐਲਬਮ ਬਹੁਤ ਮਸ਼ਹੂਰ ਹੋਈ। ਉਸ ਦਾ ਟੈਲੀਵਿਜ਼ਨ ਪ੍ਰੋਗਰਾਮ ਜੁਗਨੂੰ ਕਹੰਦਾ ਹੈ ਵੀ ਬਹੁਤ ਮਸ਼ਹੂਰ ਹੋਇਆ। ਦੋਵਾਂ ਨੇ ਇਕੱਠੇ ਕੈਨੇਡਾ ਅਤੇ ਇੰਗਲੈਂਡ ਵਿੱਚ ਵੀ ਕਈ ਸ਼ੋਅ ਕੀਤੇ।
ਮਾਨ ਨੇ 2008 ਵਿੱਚ ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਨਾਲ ਵੀ ਸੁਰਖੀਆਂ ਬਟੋਰੀਆਂ ਸਨ। ਮਾਨ ਨੇ 2011 ਵਿੱਚ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਸ਼ਾਮਲ ਹੋ ਕੇ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਸੀ। ਸਾਲ 2012 ਵਿੱਚ ਉਨ੍ਹਾਂ ਨੇ ਲਹਿਰਗਾਗਾ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ, ਪਰ ਹਾਰ ਗਏ ਸਨ। ਮਾਨ ਮਾਰਚ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਦੀ ਚੋਣ 27 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ। ਮਾਨ ਆਮ ਆਦਮੀ ਪਾਰਟੀ ਦੀ ਪੰਜਾਬ ਸ਼ਾਖਾ ਦੇ ਕਨਵੀਨਰ ਵੀ ਸਨ, ਪਰ ਅਰਵਿੰਦ ਕੇਜਰੀਵਾਲ ਵੱਲੋਂ ਡਰੱਗ ਮਾਫੀਆ ਮਾਮਲੇ ਵਿੱਚ ਅਕਾਲੀ ਆਗੂ ਬਿਕਰਮਜੀਤ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ ਤੋਂ ਬਾਅਦ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ, ਉਸਨੇ ਜਲਾਲਾਬਾਦ ਸੀਟ ਤੋਂ ਸੁਖਬੀਰ ਸਿੰਘ ਬਾਦਲ ਅਤੇ ਰਵਨੀਤ ਸਿੰਘ ਬਿੱਟੂ ਵਿਰੁੱਧ ਚੋਣ ਲੜੀ ਸੀ, ਪਰ ਹਾਰ ਗਏ ਸਨ। 2017 ਦੀਆਂ ਪੰਜਾਬ ਚੋਣਾਂ ਦੌਰਾਨ ਉਹ ਸ਼ਰਾਬ ਪੀਣ ਦੀ ਆਦਤ ਨੂੰ ਲੈ ਕੇ ਕਾਫੀ ਵਿਵਾਦਾਂ ‘ਚ ਰਹੇ ਸਨ। ਸਾਲ 2019 ‘ਚ ਬਰਨਾਲਾ ‘ਚ ‘ਆਪ’ ਦੀ ਰੈਲੀ ‘ਚ ਉਨ੍ਹਾਂ ਨੇ ਕਦੇ ਵੀ ਸ਼ਰਾਬ ਨਾ ਪੀਣ ਦੀ ਸਹੁੰ ਚੁੱਕੀ ਸੀ। ਭਗਵੰਤ ਮਾਨ ਸਾਲ 2019 ਵਿੱਚ ਸੰਗਰੂਰ ਲੋਕ ਸਭਾ ਸੀਟ ਤੋਂ ਮੁੜ ਚੋਣ ਲੜੇ ਅਤੇ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਮੁੜ ਲੋਕ ਸਭਾ ਵਿੱਚ ਪੁੱਜੇ। ਉਹ ਲੋਕ ਸਭਾ ਵਿਚ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਹਨ।
ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮੇਂ ਬੇਹੱਦ ਨਜ਼ਦੀਕ ਆ ਚੁੱਕਾ ਹੈ, 20 ਫਰਵਰੀ ਨੂੰ ਚੋਣਾਂ ਹੋਣਗੀਆਂ ਅਤੇ 10 ਮਾਰਚ ਨੂੰ ਨਤੀਜ਼ਿਆਂ ਦਾ ਐਲਾਨ ਕੀਤਾ ਜਾਵੇਗਾ | ਜਿਸ ਦੇ ਚਲਦਿਆਂ ਸਿਆਸੀ ਆਗੂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਰਹੀ ਹੈ, ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਲੋਂ ਲੋਕਾਂ ਦੀ ਰਾਇ ਮੰਗੀ ਗਈ ਕਿ ਪੰਜਾਬ ‘ਚ ਆਮ ਆਦਮੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਕਿਸਨੂੰ ਐਲਾਨ ਐਲਾਨ ਕੀਤਾ ਜਾਵੇ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕਰੀਬ 22 ਲੱਖ ਲੋਕਾਂ ਨੇ ਭਗਵੰਤ ਮਾਨ ਦੇ ਚਿਹਰੇ ‘ਤੇ ਮੋਹਰ ਲਗਾਈ ਹੈ ਕਿ ਭਗਵੰਤ ਮਾਨ ਹੀ ਆਮ ਆਦਮੀ ਦੇ ਮੁੱਖ ਮੰਤਰੀ ਦਾ ਚਿਹਰਾ ਹੋਣੇ ਚਾਹੀਦੇ ਹਨ | ਜਿਸ ‘ਤੇ ਅੱਜ ਅਰਵਿੰਦ ਕੇਜਰੀਵਾਲ ਵਲੋਂ ਵੀ ਮੋਹਰ ਲਗਾ ਦਿੱਤੀ ਹੈ, ਸੋ ਆਮ ਆਦਮੀ ਪਾਰਟੀ ਦੇ ਵਲੋਂ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੀ ਹੋਣਗੇ, ਜਿਸ ‘ਤੇ ਪੱਕੀ ਮੋਹਰ ਲੱਗ ਚੁੱਕੀ ਹੈ | ਹੁਣ ਵੇਖਣਾ ਹੋਵੇਗਾ ਕਿ ਪੰਜਾਬ ਵਿਧਾਨ ਸਭਾ ਚੋਣਾਂ ‘ਚ ਭਗਵੰਤ ਮਾਨ ਆਮ ਆਦਮੀ ਦਾ ਮਾਨ ਵੱਧਾ ਸਕਣਗੇ ਜਾਂ ਨਹੀਂ