ਚੰਡੀਗੜ੍ਹ, 13 ਅਪ੍ਰੈਲ 2023: ਪੰਜਾਬ ਦੇ ਵਿੱਤ, ਯੋਜਨਾ, ਪ੍ਰੋਗਰਾਮ ਲਾਗੂਕਰਨ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਵੱਲੋਂ ਅੱਜ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਐਸ.ਆਈ.ਪੀ.ਯੂ), ਅਤੇ ਜੀ.ਐਸ.ਟੀ ਪ੍ਰਾਈਮ ਜੋ ਕਿ ਰਾਜ ਦੇ ਜੀ.ਐਸ.ਟੀ ਅਧਿਕਾਰੀਆਂ ਵਾਸਤੇ ਆਪਣੇ ਅਧਿਕਾਰ ਖੇਤਰ ਅੰਦਰ ਕਰ ਵਸੂਲੀ ਅਤੇ ਪਾਲਣਾ ਦੇ ਵਿਸ਼ਲੇਸ਼ਣ ਅਤੇ ਨਿਗਰਾਨੀ ਕਰਨ ਲਈ ਇੱਕ ਵਿਸ਼ਲੇਸ਼ਣਾਤਮਕ ਪੋਰਟਲ ਹੈ, ਦੀ ਸ਼ੁਰੂਆਤ ਕੀਤੀ ਗਈ।
ਇੱਥੇ ਪੰਜਾਬ ਭਵਨ ਵਿਖੇ ਇਸ ਸਬੰਧੀ ਹੋਈ ਵਿਸ਼ੇਸ਼ ਈਵੈਂਟ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਕਰ ਵਿਭਾਗ ਦੇ ਮੌਜੂਦਾ 7 ਮੋਬਾਈਲ ਵਿੰਗਾਂ ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ, ਸ਼ੰਭੂ (ਪਟਿਆਲਾ), ਲੁਧਿਆਣਾ ਅਤੇ ਜਲੰਧਰ ਨੂੰ ਹੁਣ ਸਟੇਟ ਇੰਟੈਲੀਜੈਂਸ ਅਤੇ ਪ੍ਰੀਵੈਨਟਿਵ ਯੂਨਿਟਾਂ ਵਿੱਚ ਤਬਦੀਲ ਕਰਨ ਤੋਂ ਇਲਾਵਾ 3 ਨਵੇਂ ਐਸ.ਆਈ.ਪੀ.ਯੂ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਸਥਾਪਤ ਕੀਤੇ ਗਏ ਐਸ.ਆਈ.ਪੀ.ਯੂ ਵਿੱਚ ਮਾਧੋਪੁਰ (ਪਠਾਨਕੋਟ), ਮੋਹਾਲੀ ਅਤੇ ਮੁੱਖ ਦਫਤਰ, ਪਟਿਆਲਾ ਵਿਖੇ ਕੇਂਦਰੀ ਯੂਨਿਟ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਯੂਨਿਟ ਅਤੇ ਐਸ.ਆਈ.ਪੀ.ਯੂ ਟੈਕਸ ਇੰਟੈਲੀਜੈਂਸ ਯੂਨਿਟ, ਪਟਿਆਲਾ ਦੇ ਨਾਲ ਸਿੱਧੇ ਤਾਲਮੇਲ ਵਿੱਚ ਕੰਮ ਕਰਨਗੇ।
ਜੀ.ਐਸ.ਟੀ ਪ੍ਰਾਈਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਖੁਲਾਸਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਸ ਪੋਰਟਲ ਦੇ ਨਤੀਜੇ ਵਜੋਂ ਕਰ ਅਧਿਕਾਰੀਆਂ ਦੁਆਰਾ ਬਿਹਤਰ ਕਰ ਨਿਗਰਾਨੀ ਕੀਤੀ ਜਾ ਸਕੇਗੀ ਅਤੇ ਕਰਦਾਤਾਵਾਂ ਦੁਆਰਾ ਕਰ ਪਾਲਣਾ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਡਿਫਾਲਟਰਾਂ ਅਤੇ ਟੈਕਸ ਚੋਰੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਖੇਤਰੀ ਪੱਧਰ ਦੇ ਦਫਤਰਾਂ ਅਤੇ ਇਨਫੋਰਸਮੈਂਟ ਅਤੇ ਖੁਫੀਆ ਦਫਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪੋਰਟਲ ਜੀ.ਐਸ.ਟੀ ਕਾਮਨ ਪੋਰਟਲ ਅਤੇ ਈ-ਵੇਅ ਬਿੱਲ ਪ੍ਰਣਾਲੀਆਂ ਅਤੇ ਕਰ ਪ੍ਰਸ਼ਾਸਨ ਵਿਚਕਾਰ ਇੱਕ ਪੁੱਲ ਵਜੋਂ ਕੰਮ ਕਰਦਾ ਹੈ।
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਕਰ ਵਿਭਾਗ ਦੀਆਂ ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਕਰ ਦੀ ਪ੍ਰਭਾਵੀ ਪਾਲਣਾ, ਚੋਟੀ ਦੇ ਡਿਫਾਲਟਰਾਂ ਦੀ ਪਛਾਣ, ਕਰਦਾਤਾ ਦੇ ਵੇਰਵਿਆਂ ਦਾ ਆਸਾਨ ਰਿਕਾਰਡ ਰੱਖਣਾ ਅਤੇ ਧੋਖਾਧੜੀ ਦਾ ਪਤਾ ਲਗਾਉਣ ਲਈ ਆਡਿਟ ਅਤੇ ਨਿਰੀਖਣ ਲਈ ਕਰਦਾਤਾਵਾਂ ਦੀ ਪਛਾਣ ਕਰਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ, ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਵਧੀਕ ਕਮਿਸ਼ਨਰ-1ਵਿਰਾਜ ਐਸ. ਤਿਡਕੇ ਅਤੇ ਵਧੀਕ ਕਮਿਸ਼ਨਰ ਆਡਿਟ ਰਵਨੀਤ ਖੁਰਾਣਾ ਵੀ ਹਾਜ਼ਰ ਸਨ।