Dr. Lakhwinder Johal

ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਚੁਣੇ ਜਾਣ ‘ਤੇ ਡਾ. ਜੌਹਲ ਨੂੰ ਵਧਾਈਆਂ।

ਚੰਡੀਗੜ੍ਹ 25 ਜਨਵਰੀ 2022: ਪੰਜਾਬੀ (Punjabi) ਦੇ ਪ੍ਰਸਿੱਧ ਲੇਖਕ, ਕਵੀ ਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਸਾਬਕਾ ਅਧਿਕਾਰੀ, ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਮੌਜੂਦਾ ਸਕੱਤਰ ਡਾ ਲਖਵਿੰਦਰ ਜੌਹਲ ਨੂੰ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਦਮੀ (Punjabi Sahit Academy)  ਦੇ ਸਰਵ ਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਉਤੇ ਕੌਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਵਧਾਈ ਦਿੱਤੀ ਤੇ ਜੌਹਲ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ। ਡਾ. ਪਾਤਰ ਨੇ ਆਖਿਆ ਕਿ ਲਖਵਿੰਦਰ ਜੌਹਲ ਇਕੋ ਸਮੇਂ ਸਾਹਿਤਕ ਤੇ ਸਭਿਆਚਾਰਕ ਕਾਰਜਾਂ ਨੂੰ ਲਗਨ ਨਾਲ ਕਰਨ ਵਾਲੀ ਸਮਰਪਿਤ ਸ਼ਖਸੀਅਤ ਹਨ। ਉਨਾ ਦਾ ਅਕਾਦਮੀ ਦੇ ਪ੍ਰਧਾਨ ਚੁਣੇ ਜਾਣਾ ਸਾਹਿਤਕ ਹਲਕਿਆਂ ਵਾਸਤੇ ਮਾਣ ਵਾਲੀ ਗੱਲ ਹੈ। ਕੌਂਸਲ ਦੇ ਉਪ ਚੇਅਰਮੈਨ ਡਾ. ਯੋਗਰਾਜ ਨੇ ਵੀ ਡਾ.ਜੌਹਲ ਨੂੰ ਵਧਾਈ ਦਿੱਤੀ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਸਿੰਘ ਮੰਨਾ, ਕੌਂਸਲ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਵੀ ਡਾ. ਜੌਹਲ ਤੇ ਉਨਾ ਦੇ ਪਰਿਵਾਰ ਨੂੰ ਮੁਬਾਰਕਬਾਦ ਆਖੀ।

ਡਾ. ਜੌਹਲ ਕਵਿਤਾ ਤੇ ਵਾਰਤਕ ਨਾਲ ਸਬੰਧਤ ਲਗਭਗ ਇਕ ਦਰਜਨ ਕਿਤਾਬਾਂ ਪੰਜਾਬੀ ਮਾਂ ਬੋਲੀ ਨੂੰ ਭੇਟ ਕਰ ਚੁੱਕੇ ਹਨ ਤੇ ਪੱਤਰਕਾਰੀ, ਅਨੁਵਾਦ ਤੇ ਪ੍ਰਸਾਰਨ ਦੇ ਖੇਤਰ ਵਿਚ ਵੀ ਅਹਿਮ ਤਜਰਬਾ ਰਖਦੇ ਹਨ। ਦੂਰਦਰਸ਼ਨ ਕੇਂਦਰ ਜਲੰਧਰ ਵਾਸਤੇ ਉਨਾਂ ਵਲੋਂ ਬਣਾਈਆਂ ਲਘੂ ਫਿਲਮਾਂ ਦਰਸ਼ਕਾਂ ਵਲੋਂ ਬਹੁਤ ਸਲਾਹੀਆਂ ਗਈਆਂ। ਆਪ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਤੇ ਜੰਗ ਏ ਅਜਾਦੀ ਕਰਤਾਰਪੁਰ ਦੇ ਪ੍ਰਬੰਧਕੀ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਨਿੰਦਰ ਘੁਗਿਆਣਵੀ, ਮੀਡੀਆ ਕੋਆਰਡੀਨੇਟਰ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

Scroll to Top