Dervla Murphy

Dervla Murphy ਆਇਰਿਸ਼ ਟੂਰਿੰਗ ਸਾਈਕਲਿਸਟ ਤੇ ਸਾਹਸੀ ਲੇਖਿਕਾ

ਚੰਡੀਗੜ੍ਹ 10 ਜੂਨ 2022: ਆਇਰਿਸ਼ ਟੂਰਿੰਗ ਸਾਈਕਲਿਸਟ ਅਤੇ ਸਾਹਸੀ ਲੇਖਿਕਾ Dervla Murphy ਦਾ ਕੁਝ ਸਮਾਂ ਪਹਿਲਾਂ ਹੀ 90 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਉਹ ਪਿਛਲੇ 50 ਸਾਲਾਂ ਤੋਂ ਕਿਤਾਬਾਂ ਲਿੱਖ ਰਹੇ ਸੀ ਅਤੇ ਆਪਣੀਆਂ ਯਾਤਰਾਵਾਂ ਦੇ ਅਨੁਭਵ ਨੂੰ ਕਿਤਾਬਾਂ ‘ਚ ਸਾਂਝਾ ਕਰ ਰਹੇ ਸੀ। ਆਸਾਨ ਸ਼ਬਦਾਂ ‘ਚ ਕਹੀਏ ਤਾਂ Dervala Murphy ਉਹ ਔਰਤ ਹੈ, ਜਿਸ ਨੇ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਸਾਈਕਲ ‘ਤੇ ਕੀਤੀ। Dervla Murphy ਦਾ ਜਨਮ 28 ਨਵੰਬਰ 1931 ‘ਚ ਕਾਉਂਟੀ ਵਾਟਰਫੋਰਡ ਦੇ ਲਿਸਮੋਰ ਵਿੱਚ ਹੋਇਆ ਸੀ। ਉਹਨਾਂ ਦੇ ਮਾਤਾ-ਪਿਤਾ ਡਬਲਿਨ ਤੋਂ ਸਨ। ਛੋਟੀ ਉਮਰ ਤੋਂ ਹੀ ਮਰਫੀ ਨੇ ਯਾਤਰਾ ਕਰਨ ਬਾਰੇ ਸੋਚ ਲਿਆ ਸੀ

ਉਨ੍ਹਾਂ ਕਿਹਾ ਸੀ “ਮੇਰੇ 10ਵੇਂ ਜਨਮਦਿਨ ‘ਤੇ ਮੇਰੇ ਮਾਤਾ-ਪਿਤਾ ਨੇ ਮੈਨੂੰ ਸੈਕਿੰਡ ਹੈਂਡ ਸਾਈਕਲ ਦਿੱਤਾ ਅਤੇ ਮੇਰੇ ਦਾਦਾ ਜੀ ਨੇ ਮੈਨੂੰ ਸੈਕਿੰਡ ਹੈਂਡ ਐਟਲਸ ਭੇਜਿਆ। ਮੈਂ ਪਹਿਲਾਂ ਹੀ ਸਾਈਕਲ ਚਲਾਉਣ ਦੀ ਸ਼ੌਕੀਨ ਸੀ, ਹਾਲਾਂਕਿ ਮੇਰੇ ਕੋਲ ਪਹਿਲਾਂ ਕਦੇ ਸਾਈਕਲ ਨਹੀਂ ਸੀ ਅਤੇ ਮੇਰੇ ਜਨਮਦਿਨ ਤੋਂ ਤੁਰੰਤ ਬਾਅਦ ਮੈਂ ਹਰ ਰੋਜ਼ ਸਾਈਕਲ ‘ਤੇ ਭਾਰਤ ਆਉਣ ਦਾ ਸੰਕਲਪ ਕਰਦੀ ਸੀ। ਮੈਂ ਉਸ ਜਗ੍ਹਾ ਨੂੰ ਕਦੇ ਨਹੀਂ ਭੁੱਲ ਸਕਦੀ, ਜਿਥੇ ਲਿਸਮੋਰ ਦੇ ਨੇੜੇ ਇੱਕ ਖੜ੍ਹੀ ਪਹਾੜੀ ‘ਤੇ ਮੈਂ ਇਹ ਫੈਸਲਾ ਲਿਆ ਸੀ। ਮੈਂ ਮਾਣ ਨਾਲ ਆਪਣੇ ਪੈਰਾਂ ਵੱਲ ਦੇਖਿਆ, ਹੌਲੀ-ਹੌਲੀ ਪੈਡਲਾਂ ਨੂੰ ਅੱਗੇ ਵੱਲ ਧੱਕਿਆ ਅਤੇ ਸੋਚਿਆ, ਜੇ ਮੈਂ ਅਜਿਹਾ ਕਰਦੀ ਰਹੀ ਤਾਂ ਮੈਂ ਭਾਰਤ ਜ਼ਰੂਰ ਆ ਸਕਦੀ ਹਾਂ।”

Dervla Murphy ਦੀ ਸਿੱਖਿਆ

Dervla Murphy ਨੇ ਵਾਟਰਫੋਰਡ ਵਿੱਚ ਆਪਣੀ ਪੜ੍ਹਾਈ ਸ਼ੁਰੂ ਤਾਂ ਕੀਤੀ ਸੀ ਪਰ ਆਪਣੀ ਅਪਾਹਜ ਮਾਂ ਦੀ ਦੇਖਭਾਲ ਕਰਨ ਲਈ 14 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੂੰ ਸਕੂਲ ਛਡਣਾ ਪਿਆ। ਆਪਣੀ ਜਵਾਨੀ ‘ਚ ਮਰਫੀ ਨੇ ਕਈ ਛੋਟੀਆਂ ਯਾਤਰਾਵਾਂ ਕੀਤੀਆਂ: 1951 ਵਿੱਚ ਵੇਲਜ਼ ਅਤੇ ਦੱਖਣੀ ਇੰਗਲੈਂਡ; 1952 ਵਿੱਚ ਬੈਲਜੀਅਮ, ਜਰਮਨੀ ਅਤੇ ਫਰਾਂਸ; ਅਤੇ 1954 ਅਤੇ 1956 ਵਿੱਚ ਸਪੇਨ ਦੀਆਂ ਦੋ ਯਾਤਰਾਵਾਂ ਕੀਤੀਆਂ। ਉਹਨਾਂ ਨੇ ਹਾਈਬਰਨੀਆ ਜਰਨਲ ਅਤੇ Irish Independent newspaper ਵਿੱਚ ਆਪਣੇ ਕਈ ਯਾਤਰਾਵਾਂ ‘ਤੇ ਲੇਖ ਵੀ ਪਬਲਿਸ਼ ਕਰਵਾਏ, ਹਾਲਾਂਕਿ ਪਬਲਿਸ਼ਰਸ ਵਲੋਂ ਉਹਨਾਂ ਦੀ ਸਪੈਨਿਸ਼ ਯਾਤਰਾ ਦੀ ਕਿਤਾਬ ਨੂੰ ਰੱਦ ਕਰ ਦਿੱਤਾ ਗਿਆ ਸੀ।

Dervla Murphy ਦੀ ਮਾਂ ਦੀ ਸਿਹਤ ਕਈ ਸਾਲਾਂ ਤੋਂ ਵਿਗੜ ਰਹੀ ਸੀ, ਜਿਸ ਤੋਂ ਬਾਅਦ ਅਗਸਤ 1962 ਵਿੱਚ ਉਹਨਾਂ ਦੀ ਮੌਤ ਹੋ ਗਈ। ਮਾਂ ਦੀ ਮੌਤ ਨੇ ਮਰਫੀ ਨੂੰ ਘਰ ਦੇ ਫਰਜ਼ਾਂ ਤੋਂ ਮੁਕਤ ਕਰ ਦਿੱਤਾ ਅਤੇ ਉਹਨਾਂ ਨੂੰ ਲੰਮੀ ਯਾਤਰਾ ਕਰਨ ਦੀ ਇਜਾਜ਼ਤ ਮਿਲ ਗਈ, ਜਿਸਦੀ ਉਹ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ।

1965 ਵਿਚ ਲਿਖੀ ਆਪਣੀ ਪਹਿਲੀ ਕਿਤਾਬ

ਕਿਤਾਬਾਂ ਦੀ ਗੱਲ ਕਰੀਏ ਤਾਂ Dervla Murphy ਨੇ 1965 ਵਿਚ ਆਪਣੀ ਸਭ ਤੋਂ ਪਹਿਲੀ ਕਿਤਾਬ Ireland to India with a Bicycle ਲਿਖੀ ਸੀ। ਇਹ ਉਹੀ ਕਿਤਾਬ ਹੈ ਜਿਸ ਕਰ ਕੇ ਮਰਫੀ ਨੂੰ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਮਰਫੀ ਨੇ ਆਪਣੀ ਧੀ ਦੇ ਜਨਮ ਤੋਂ ਬਾਅਦ ਕਿਤਾਬਾਂ ਲਿਖਣ ਤੋਂ ਬ੍ਰੇਕ ਲੈ ਲਿਆ ਸੀ, ਜਿਸ ਤੋਂ ਬਾਅਦ ਫਿਰ ਓਹਨਾ ਨੇ ਆਪਣੀ ਧੀ ਰੇਚਲ ਨਾਲ ਭਾਰਤ, ਪਾਕਿਸਤਾਨ, ਦੱਖਣੀ ਅਮਰੀਕਾ, ਅਤੇ ਮੈਡਾਗਾਸਕਰ ਵਿੱਚ ਕੀਤੀਆਂ ਯਾਤਰਾਵਾਂ ਬਾਰੇ ਲਿਖਿਆ। ਉਹਨਾਂ ਨੇ ਬਾਅਦ ਵਿੱਚ ਰੋਮਾਨੀਆ, ਅਫਰੀਕਾ, ਲਾਓਸ ਅਤੇ ਹੋਰ ਕਈ ਥਾਵਾਂ ‘ਤੇ ਕੀਤੇ ਗਏ ਆਪਣੇ ਇਕੱਲੇ ਸਫ਼ਰ ਨੂੰ ਵੀ ਕਿਤਾਬਾਂ ਰਾਹੀਂ ਸਾਂਝਾ ਕੀਤਾ। ਇਨ੍ਹਾਂ ਹੀ ਨਹੀਂ 1979 ਵਿੱਚ ਉਹਨਾਂ ਦੀ ਸਵੈ-ਜੀਵਨੀ Wheels within Wheels ਵੀ ਪਬਲਿਸ਼ ਕੀਤੀ ਗਈ।

Dervla Murphy ਇੱਕ ਨਿਡਰ ਲੇਖਿਕਾ

Dervla Murphy ਆਮ ਤੌਰ ‘ਤੇ ਕਿਸੇ ਵੀ ਐਸ਼ੋ-ਆਰਾਮ ਦੇ ਬਿਨਾਂ ਤੇ ਇਕੱਲੇ ਹੀ ਸਫ਼ਰ ਕਰਦੇ ਸੀ। ਉਹਨਾਂ ਨੂੰ ਸਾਹਸੀ ਅਤੇ ਨਿਡਰ ਲੇਖਿਕਾ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਕਈ ਵਾਰ ਖ਼ਤਰਨਾਕ ਸਥਿਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਜਿਵੇਂ ਕੀ ਯੂਗੋਸਲਾਵੀਆ ਵਿੱਚ ਉਹਨਾਂ ‘ਤੇ ਬਘਿਆੜਾਂ ਦੁਆਰਾ ਹਮਲਾ ਕੀਤਾ ਜਾਣਾ, ਇਥੋਪੀਆ ਵਿੱਚ ਸੈਨਿਕਾਂ ਦੁਆਰਾ ਧਮਕੀ ਦਿੱਤੀ ਜਾਣੀ, ਸਾਇਬੇਰੀਆ ਵਿੱਚ ਓਹਨਾ ਨਾਲ ਲੁੱਟ ਖੋਹ ਹੋਣੀ ਜਾਂ ਹੋਰ ਕਈ ਮੁਸ਼ਕਿਲਾਂ ਜਿਹਨਾਂ ਦਾ ਉਹਨਾਂ ਨੇ ਸਾਹਮਣਾ ਕੀਤਾ ਅਤੇ ਇੱਕ ਨਿਡਰ ਲੇਖਿਕਾ ਵਜੋਂ ਸਾਹਮਣੇ ਆਈ।

ਉਨ੍ਹਾਂ ਦੇ ਇਸ ਸਫ਼ਰ ਨੂੰ ਵੇਖਦਿਆਂ 2019 ਵਿੱਚ ਉਹਨਾਂ ਨੂੰ ਇੰਸਪਾਇਰਿੰਗ ਸਾਈਕਲਿਸਟ ਆਫ ਦਿ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਸੇ ਸਾਲ ਉਹਨਾਂ ਨੇ Royal Geographical Society’s Ness Award ਵੀ ਪ੍ਰਾਪਤ ਕੀਤਾ ਸੀ।ਭਾਵੇਂ ਹੀ ਮਰਫੀ ਦੀ ਜ਼ਿੰਦਗੀ ਦਾ ਸਫ਼ਰ ਖਤਮ ਹੋ ਗਿਆ ਹੈ ਪਰ ਓਹਨਾ ਵਲੋਂ ਸਾਈਕਲ ‘ਤੇ ਕੀਤਾ ਗਿਆ ਵੱਖ -ਵੱਖ ਦੇਸ਼ਾਂ ਦਾ ਸਫ਼ਰ ਅੱਜ ਵੀ ਓਹਨਾ ਦੀਆਂ ਕਿਤਾਬਾਂ ਰਾਹੀਂ ਜ਼ਿੰਦਾ ਰਹੇਗਾ।

Scroll to Top